ਸਤਿ ਸ਼੍ਰੀ ਅਕਾਲ, ਲਫ਼ਜ਼ਾਂ ਦਾ ਪੁਲ 'ਤੇ ਜੀ ਆਇਆਂ ਨੂੰ

ਕਹਾਣੀਕਾਰ ਕਰਤਾਰ ਸਿੰਘ ਦੁੱਗਲ ਨਹੀਂ ਰਹੇ

Written By ਲਫ਼ਜ਼ਾਂ ਦਾ ਸੇਵਾਦਾਰ on Friday, January 27, 2012 | 12:02 PM

    ਇਹ ਗੱਲ ਸਾਂਝੀ ਕਰਦਿਆਂ ਬਹੁਤ ਹੀ ਦੁੱਖ-ਦਰਦ ਮਹਿਸੂਸ ਹੋ ਰਿਹਾ ਹੈ ਕਿ ਅੱਜ ਗਣਤੰਤਰ ਦਿਵਸ ਮੌਕੇ ਅਤੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੂੰ ਐਵਾਰਡ ਦਿੱਤੇ ਜਾਣ ਦਾ ਐਲਾਨ ਹੋਣ ਮੌਕੇ ਇਹ ਦੁਖਦਾਈ ਖ਼ਬਰ ਆ ਪਹੁੰਚੀ ਕਿ ਪੰਜਾਬੀ ਦੇ ਨਾਮਵਰ ਲੇਖਕ ਸਰਦਾਰ ਕਰਤਾਰ ਸਿੰਘ ਦੁੱਗਲ 95 ਸਾਲ ਦੀ ਉਮਰ ਵਿੱਚ ਅੱਜ ਦਿੱਲੀ ਸਥਿੱਤ ਆਪਣੇ ਨਿਵਾਸ ਸਥਾਨ ‘ਤੇ ਅਕਾਲ ਚਲਾਣਾ ਕਰ ਗਏ । ਵਡੇਰੀ ਉਮਰ ਅਤੇ ਸਖ਼ਤ ਮੌਸਮ ਦੇ ਮੱਦੇਨਜ਼ਰ ਡਾਕਟਰ ਨੇ ਉਨ੍ਹਾਂ ਨੂੰ ਘਰ ਵਿਚ ਹੀ ਆਰਾਮ ਕਰਨ ਦੀ ਸਲਾਹ ਦਿੱਤੀ ਸੀ। 

ਉਨ੍ਹਾਂ ਦਾ ਅੰਤਿਮ-ਸੰਸਕਾਰ 27 ਜਨਵਰੀ ਨੂੰ ਦਿੱਲੀ ਲੋਧੀ ਰੋਡ ਸ਼ਮਸ਼ਾਨ ਭੂਮੀ ਵਿਖੇ ਕੀਤਾ ਜਾਵੇਗਾ । ਉਹਨਾਂ ਦੇ ਅਕਾਲ ਚਲਾਣੇ ‘ਤੇ ਰਾਜਨੀਤਕ ਨੇਤਾਵਾਂ, ਉੱਚ ਅਧਿਕਾਰੀਆਂ, ਸਾਹਿਤਕਾਰਾਂ, ਸਾਹਿਤ ਸਭਾਵਾਂ ਅਤੇ ਸਾਹਿਤਕ ਪ੍ਰੇਮੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

-ਰਣਜੀਤ ਸਿੰਘ ਪ੍ਰੀਤ, ਭਗਤਾ, ਬਠਿੰਡਾ
12:02 PM | 0 comments

ਡਾਕਟਰ ਸੁਰਜੀਤ ਪਾਤਰ ਨੂੰ ਮਿਲਿਆ 'ਪਦਮਸ਼੍ਰੀ' ਸਨਮਾਨ

Written By ਲਫ਼ਜ਼ਾਂ ਦਾ ਸੇਵਾਦਾਰ on Wednesday, January 25, 2012 | 11:24 PM


ਪੰਜਾਬੀ ਦੇ ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਭਾਰਤ ਤੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੋਂ ਇਕ ਪਦਮਸ਼੍ਰੀ ਸਨਮਾਨ ਨਿਵਾਜਿਆ ਗਿਆ ਹੈ। ਡਾਕਟਰ ਪਾਤਰ ਨੂੰ ਇਹ ਸਨਮਾਨ ਮਿਲਣ ਤੇ ਪੰਜਾਬੀ ਲੇਖਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਡਾ· ਸੁਰਜੀਤ ਪਾਤਰ ਨੂੰ ਪਦਮਸ਼੍ਰੀ  ਮਿਲਣ 'ਤੇ ਪੰਜਾਬੀ ਲੇਖਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੰਜਾਬੀ  ਸਾਹਿਤ ਅਕਾਡਮੀ ਲੁਧਿਆਣਾ, ਜਿਸ ਦੇ ਡਾ. ਪਾਤਰ ਖੁਦ ਛੇ ਸਾਲ ਪ੍ਰਧਾਨ ਰਹੇ ਹਨ,  ਵਲੋਂ ਉਨ੍ਹਾਂ ਨੂੰ ਵਧਾਈਆਂ ਭੇਜੀਆਂ ਗਈਆਂ ਹਨ। ਪੰਜਾਬੀ ਸਾਹਿਤ ਅਕਾਡਮੀ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਇਸ ਮੌਕੇ ਸ਼ਾਇਰ ਡਾਕਟਰ ਸੁਰਜੀਤ ਪਾਤਰ ਨੂੰ ਮੁਬਾਰਕਬਾਦ ਦਿੱਤੀ। ਅਕਾਡਮੀ ਦੇ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਡਾਕਟਰ ਪਾਤਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਾਡੇ ਸਮੁੱਚੇ ਪੰਜਾਬੀਆਂ ਲਈ ਮਾਣ ਤੇ ਸਤਿਕਾਰ ਦੀ ਖਬਰ ਹੈ ਕਿ ਉਨ੍ਹਾਂ ਦੇ ਹਰਮਨ ਪਿਆਰੇ ਸ਼ਾਇਰ ਨੂੰ ਇਹ ਸਨਮਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਪਾਤਰ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦਾ ਨਾਂ ਪੂਰੀ ਦੁਨੀਆਂ ਵਿਚ ਪਹੁੰਚਾਇਆ ਹੈ।

      ਅਕਾਡਮੀ  ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਡਾਕਟਰ ਸੁਰਜੀਤ ਪਾਤਰ ਨੂੰ ਇਹ ਸਨਮਾਨ ਮਿਲਣਾ ਸਮੁੱਚੇ ਪੰਜਾਬੀ ਜਗਤ ਨੂੰ ਮਾਣ ਤੇ ਸਤਿਕਾਰ ਦੇਣ ਦੇ ਬਰਾਬਰ ਹੈ। ਡਾਕਟਰ ਪਾਤਰ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਅਕਾਡਮੀ ਨਾਲ ਜੁੜੇ ਹੋਏ ਹਨ ਅਤੇ ਹੁਣ ਵੀ ਉਹ ਅਕਾਡਮੀ ਨੂੰ ਆਪਣੀ ਯੋਗ ਅਗਵਾਈ ਦਿੰਦੇ ਹਨ। ਉਨ੍ਹਾਂ ‘ਹਵਾ ਵਿਚ ਲਿਖੇ ਹਰਫ਼', ‘ਬਿਰਖ ਅਰਜ਼ ਕਰੇ', ਹਨੇਰੇ ਵਿਚ ਸੁਲਗਦੀ ਵਰਣਮਾਲਾ', ‘ਸੁਰਜ਼ਮੀਨ', ‘ਲਫ਼ਜ਼ਾਂ ਦੀ ਦਰਗਾਹ', ‘ਪਤਝੜ ਦੀ ਪੰਜੇਬ', ‘ਸਦੀ ਦੀਆਂ ਤਰਕਾਲਾਂ' ਤੋਂ ਇਲਾਵਾ ਅਨੁਵਾਦਿਤ ‘ਅੱਗ ਦੇ ਕਲੀਰੇ', ‘ਸਈਓ ਨੀ ਮੈਂ ਅੰਤਹੀਣ ਤਰਕਾਲਾਂ', ‘ਸ਼ਹਿਰ ਮੇਰੇ ਦੀ ਪਾਗਲ ਔਰਤ' ਤੇ ‘ਹੁਕਮੀ ਦੀ ਹਵੇਲੀ' ਆਦਿ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੀ ਕਲਮ ਤੇ ਆਵਾਜ਼ ਅਜੇ ਵੀ ਗੂੰਜਦੀ ਹੈ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਤੋਂ ਇਲਾਵਾਂ ਉਨ੍ਹਾਂ ਨੂੰ ਦੇਸ ਵਿਦੇਸ਼ਾਂ ਦੀਆਂ ਅਨੇਕਾਂ ਸੰਸਥਾਵਾਂ ਨੇਂ ਸਮੇਂ ਸਮੇਂ ਸਿਰ ਸਨਮਾਨਿਤ ਕੀਤਾ ਗਿਆ ਹੈ।

      ਅਕਾਡਮੀ  ਦੇ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਨੇ ਕਿਹਾ ਡਾਕਟਰ ਪਾਤਰ ਨੇ ਆਪਣੀ ਸ਼ਾਇਰੀ ਤੇ ਆਵਾਜ਼ ਦੇ ਰਾਹੀਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਉਨ੍ਹਾਂ ਨੇ ਥੁੜੇ ਤੇ ਆਮ ਲੋਕਾਂ ਦੀਆਂ ਦੁੱਖਾਂ ਦੀਆਂ ਗੱਲਾਂ ਆਪਣੀ ਸ਼ਾਇਰੀ ਰਾਹੀਂ ਪ੍ਰਗਟ ਕਰਦਿਆਂ ਸਮੁੱਚੀ ਲੋਕਾਈ ਦੀ ਪੀੜ ਨੂੰ ਸ਼ਬਦ ਪ੍ਰਦਾਨ ਕੀਤੇ ਹਨ। ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾਕਟਰ ਐੱਸ·ਐੱਸ· ਜੌਹਲ, ਸਾਬਕਾ ਉਪ ਕੁਲਪਤੀ ਡਾਕਟਰ ਐੱਸ· ਪੀ· ਸਿੰਘ, ਮੋਹਨ ਸਿੰਘ ਫ਼ਾਊਂਡੇਸ਼ਨ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ, ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਸਕੱਤਰ ਸੁਰਿੰਦਰ ਰਾਮਪੁਰੀ, ਡਾਕਟਰ ਨਿਰਮਲ ਜੌੜਾ, ਇੰਦਰਜੀਤਪਾਲ ਕੌਰ, ਗੁਰਚਰਨ ਕੌਰ ਕੋਚਰ, ਡਾਕਟਰ ਸਰੂਪ ਸਿੰਘ ਅਲੱਗ, ਤ੍ਰੈਲੋਚਨ ਲੋਚੀ, ਰਵਿੰਦਰ ਭੱਠਲ, ਅਮਰਜੀਤ ਗਰੇਵਾਲ, ਸਵਰਨਜੀਤ ਕੌਰ ਗਰੇਵਾਲ, ਮਨਜਿੰਦਰ ਧਨੋਆ, ਸਤੀਸ਼ ਗੁਲਾਟੀ, ਸਵਰਨਜੀਤ ਸਵੀ, ਡਾਕਟਰ ਗੁਲਜ਼ਾਰ ਪੰਧੇਰ, ਸੁਖਵਿੰਦਰ ਅੰਮ੍ਰਿਤ, ਡਾਕਟਰ ਗੁਰਇਕਬਾਲ ਸਿੰਘ, ਮਿੱਤਰ ਸੈਨ ਮੀਤ ਲੇਖਕ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਹੁਣ ਤੱਕ  ਸਮਾਜ ਸੇਵਾ ਦੇ ਲਈ ਬਾਬਾ ਸੇਵਾ ਸਿੰਘ, ਦਿੱਲੀ ਦੇ ਪੀ. ਐੱਸ. ਬੇਦੀ, ਵਿਕਰਮਜੀਤ ਸਿੰਘ ਸਾਹਨੀ, ਫਿਲਿਪਾਈਨ ਰਹਿੰਦੇ ਪੰਜਾਬੀ ਡਾਕਟਰ ਗੁਰਦੇਵ ਸਿੰਘ ਖੁਸ਼, ਅਮਰੀਕਾ ਰਹਿੰਦੇ ਡਾਕਟਰ ਸੰਤ ਸਿੰਘ ਵਿਰਮਾਨੀ ਨੂੰ ਸਾਇੰਸ ਅਤੇ ਇੰਜੀਨਿਅਰਿੰਗ ਖੇਤਰ ਲਈ, ਚੰਡੀਗੜ੍ਹ ਦੇ ਡਾਕਟਰ ਕਿਰਪਾਲ ਸਿੰਘ ਚੁੱਘ, ਅਮਰੀਕਾ ਰਹਿੰਦੇ ਡਾ. ਕਮਲਜੀਤ ਸਿੰਘ ਪਾਲ, ਦਿੱਲੀ ਦੇ ਡਾਕਟਰ ਹਰਭਜਨ ਸਿੰਘ ਰਿਸੱਮ, ਚੰਡੀਗੜ੍ਹ ਦੇ ਡਾ. ਹਰਪਿੰਦਰ ਸਿੰਘ ਚਾਵਲਾ ਨੂੰ ਮੈਡਿਸਨ, ਡਾਕਟਰ ਦਿਲੀਪ ਕੌਰ ਟਿਵਾਣਾ ਨੂੰ ਸਾਹਿਤ, ਪੂਰਨ ਚੰਦ ਵਡਾਲੀ, ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਹੰਸ ਰਾਜ ਹੰਸ ਨੂੰ ਕਲਾ, ਬਲਬੀਰ ਸਿੰਘ, ਜੀਵ ਮਿਲਖਾ ਸਿੰਘ ਨੂੰ ਖੇਡਾਂ, ਰਜਿੰਦਰ ਗੁਪਤਾ ਨੂੰ ਵਪਾਰ ਅਤੇ ਉਦਯੋਗ ਖੇਤਰ,  ਸਮੇਤ ਕਈ ਪੰਜਾਬੀ ਸਖ਼ਸੀਅਤਾਂ ਨੂੰ ਇਹ ਸਨਮਾਨ ਮਿਲ ਚੁੱਕਿਆ ਹੈ।
11:24 PM | 1 comments

ਅਧਕ ਵਿਚਾਰਾ ਕੀ ਕਰੇ!

Written By ਲਫ਼ਜ਼ਾਂ ਦਾ ਸੇਵਾਦਾਰ on Thursday, January 12, 2012 | 5:05 PM

ਵੈਸੇ ਤਾਂ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਐਸੀ ਆਪਾ ਧਾਪੀ ਪਈ ਹੋਈ ਹੈ ਕਿ ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿਚ 'ਅੰਨ੍ਹੀ ਕਉ ਬੋਲ਼ਾ ਘੜੀਸੈ॥ ਨ ਉਸ ਸੁਣੈ ਨ ਉਸ ਦੀਸੈ॥'  ਵਾਲ਼ੀ ਹਾਲਤ ਹੀ ਹੈ। ਇੰਟਰਨੈਟ ਤੇ ਕੰਪਿਊਟਰ ਦੇ ਸਦਕਾ ਬਹੁਤ ਸਾਰੇ ਪਰਚੇ ਲਿਖਾਰੀਆਂ ਦੇ ਸ਼ਬਦ ਜੋੜਾਂ ਨੂੰ ਬਦਲਣ ਦੀ ਜ਼ਹਿਮਤ ਉਠਾਏ ਬਿਨਾ ਹੀ, ਜਿਵੇਂ ਉਹ ਲਿਖ ਕੇ ਘੱਲਦੇ ਹਨ ਓਵੇਂ ਹੀ ਛਾਪ ਦਿੰਦੇ ਹਨ। ਹਰੇਕ ਵਿਦਵਾਨ ਆਪਣੇ ਸ਼ਬਦ ਜੋੜਾਂ ਨੂੰ ਸਹੀ ਤੇ ਦੂਸਰੇ ਦਿਆਂ ਨੂੰ ਇਮਾਨਦਾਰੀ ਨਾਲ਼ ਗ਼ਲਤ ਸਮਝਦਾ ਹੈ। ਪਹਿਲਾਂ ਲੇਖਕ ਹੱਥ ਲਿਖਤ ਰਚਨਾਵਾਂ ਪਰਚਿਆਂ ਦੇ ਸੰਪਾਦਕਾਂ ਨੂੰ ਭੇਜਿਆ ਕਰਦੇ ਸਨ। ਇਸ ਤਰ੍ਹਾਂ ਪ੍ਰੋਫੈਸ਼ਨਲ ਕੰਪੋਜ਼ਰ, ਕੰਪੋਜ਼ ਕਰਨ ਸਮੇ ਉਹਨਾਂ ਨੂੰ ਸੋਧ ਕੇ ਦਰੁਸਤ ਹੋਣ ਦੇ ਵਾਹਵਾ ਨੇੜੇ ਲੈ ਆਇਆ ਕਰਦੇ ਸਨ। ਉਸ ਸਮੇ ਹੁਣ ਨਾਲ਼ੋਂ ਕਿਤੇ ਘਟ ਇਹ 'ਘੀਚਮਚੋਲ਼ਾ' ਪੈਂਦਾ ਸੀ।
ਇਸ ਸਾਰੇ ਕੁਝ ਨੂੰ ਪਾਸੇ ਵੀ ਛੱਡ ਦਈਏ ਤੇ ਇਕੱਲੇ ਅਧਕ ( ੱ ) ਦੀ ਹੀ ਗੱਲ ਕਰੀਏ ਤਾਂ ਸਾਨੂੰ ਪਤਾ ਲੱਗੂਗਾ ਕਿ ਅਧਕ ਇਕ ਅਜਿਹਾ ਗਰੀਬ ਚਿੰਨ੍ਹ ਹੈ ਜਿਸ ਦੀ, ਪੰਜਾਬੀ ਦੇ ਲੇਖਕ, ਕੰਪੋਜ਼ਰ, ਪ੍ਰਕਾਸ਼ਕ ਆਦਿ ਸਭ ਤੋਂ ਵਧ ਦੁਰਵਰਤੋਂ ਕਰਦੇ ਹਨ। ਜਿਥੇ ਇਸ ਦੀ ਲੋੜ ਹੋਵੇ ਓਥੇ ਇਸ ਨੂੰ ਲਾਉਣਾ ਨਹੀ ਤੇ ਜਿਥੇ ਨਾ ਲੱਗਦਾ ਹੋਵੇ ਓਥੇ ਜ਼ਰੂਰ ਲਾ ਦਿੰਦੇ ਹਨ। ਖਾਸ ਕਰਕੇ ਪੱਛਮੀ ਪੰਜਾਬ ਤੋਂ ਆਏ ਹੋਏ ਲੇਖਕ ਸੱਜਣਾਂ ਨੇ ਤਾਂ ਜਿਵੇਂ ਕਿਤੇ ਤਹੱਈਆ ਹੀ ਕੀਤਾ ਹੋਇਆ ਹੋਵੇ ਇਸ ਵਿਚਾਰੇ ਅਧਕ ( ੱ ) ਦੀ ਮਿੱਟੀ ਪਲੀਤ ਕਰਨ ਦਾ। ਦਿੱਲੀ ਯੂਨੀਵਰਸਿਟੀ ਦੇ ਇਕ ਸਾਬਕ ਪ੍ਰੋਫ਼ੈਸਰ ਸਾਹਿਬ ਜੀ ਤੋਂ ਪਤਾ ਲਗਾ ਕਿ ਪੋਠੋਹਾਰ ਦੇ ਇਲਾਕੇ ਵਿਚੋਂ ਆਉਣ ਵਾਲ਼ੇ ਲੇਖਕਾਂ ਦਾ ਨਾਂ ਹੀ ਉਹਨਾਂ ਵਿੱਦਿਅਕ ਅਦਾਰੇ ਵਿਚ, ਮਖੌਲ ਵਜੋਂ ਅਧਕਾਂ ਪਾਇਆ ਹੋਇਆ ਸੀ; ਕਿਉਂਕਿ ਉਹ ਅਕਸਰ ਹੀ ਇਸ ਦੀ ਬੇਲੋੜੀ ਤੇ ਵਾਧੂ ਵਰਤੋਂ ਕਰਦੇ ਸਨ/ਹਨ। ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਵੇਖੋ; ਜਿਥੇ ਲੋੜ ਹੋਵੇਗੀ ਓਥੇ ਇਸ ਨੂੰ ਨਹੀ ਲਾਉਣਗੇ ਤੇ ਜਿਥੇ ਨਹੀ ਲੋੜ ਹੋਵੇਗੀ ਓਥੇ ਜ਼ਰੂਰ ਹੀ ਇਸ ਵਿਚਾਰੇ ਨੂੰ ਟਾਂਕਣਗੇ। ਅਸੀਂ ਅਜੇ ਤੱਕ ਇਹ ਨਹੀ ਜਾਣ ਸਕੇ ਕਿ ਅਧਕ ਕੇਵਲ ਜਿਸ ਅੱਖਰ ਦਾ ਦੋਹਰਾ ਜਾਂ ਡੇੜ੍ਹਾ ਉਚਾਰਣ ਹੋਵੇ, ਉਸ ਤੋਂ ਪਹਿਲੇ ਅੱਖਰ ਉਪਰ ਹੀ ਲਾਇਆ ਜਾਂਦਾ ਹੈ; ਹੋਰ ਕਿਤੇ ਨਹੀ। ਜਿਥੇ ਸ਼ੱਕ ਹੋਵੇ ਅਰਥਾਤ ਪੂਰਾ ਯਕੀਨ ਨਾ ਹੋਵੇ ਓਥੇ ਲਾਉਣ ਦੀ ਕੋਈ ਲੋੜ ਨਹੀ; ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਮਿਸਾਲ ਵਜੋਂ: ਵਰਤਮਾਨ ਸਮੇ ਅੰਦਰ ਪੱਤਰਾਂ ਦੇ ਸੰਪਾਦਕ ਸ਼ਬਦ 'ਕੁਝ' ਦੇ ਉਪਰ ਬੇਲੋੜਾ ਅਧਕ ਲਾ ਕੇ ਇਸਨੂੰ 'ਕੁੱਝ' ਬਣਾਉਣ ਵਿਚ ਅਣਗਹਿਲੀ ਨਹੀ ਕਰਦੇ। ਅਸੀਂ ਪੇਂਡੂ ਮਝੈਲ ਇਸ 'ਕੁਝ' ਨੂੰ 'ਕੁਸ਼' ਬੋਲਦੇ ਹਾਂ ਤੇ ਉਰਦੂ ਹਿੰਦੀ ਵਾਲ਼ੇ ਵੀ ਏਸੇ ਤਰ੍ਹਾਂ ਹੀ ਬੋਲਦੇ ਹਨ। ਹਿੰਦੀ ਵਿਚ ਇਸਨੂੰ 'ਕੁਛ' ਲਿਖਿਆ ਜਾਂਦਾ ਹੈ। ਕਈ ਸੱਜਣ ਸ਼ ਤੇ ਛ ਦਾ ਉਚਾਰਨ ਨਾ ਕਰ ਸੱਕਣ ਕਾਰਨ, ਇਸਨੂੰ 'ਕੁਸ' ਵੀ ਉਚਾਰਦੇ ਹਨ। ਕੇਂਦਰੀ ਪੰਜਾਬ ਦੇ, ਪ੍ਰੋਫੈਸਰ ਸਾਹਿਬ ਸਿੰਘ ਜੀ, ਸਰਦਾਰ ਗੁਰਬਖ਼ਸ਼ ਸਿੰਘ ਜੀ ਆਦਿ ਸਿੱਖ ਲਿਖਾਰੀਆਂ ਨੇ ਇਸ ਨੂੰ 'ਕੁਝ' ਲਿਖਣਾ ਸ਼ੁਰੂ ਕਰ ਦਿਤਾ ਤੇ ਛਾਪੇ ਵਿਚ ਏਹੋ ਹੀ ਪ੍ਰਚੱਲਤ ਹੋ ਗਿਆ ਜਿਸਦਾ ਇਹ ਛਪੇ ਸਾਹਿਤ ਵਿਚ ਪ੍ਰਵਾਨਿਆ ਜਾ ਚੁੱਕਾ ਰੂਪ ਬਦਲ ਕੇ, ਹੁਣ ਭੰਬਲ਼ਭੂਸੇ ਵਿਚ ਹੋਰ ਵਾਧਾ ਕਰਨ ਦੀ ਕੋਈ ਤੁਕ ਨਹੀ ਬਣਦੀ; ਪਰ ਇਹ ਮੈਨੂੰ ਸਮਝ ਨਹੀ ਆਉਂਦੀ ਕਿ ਤਕਰੀਬਨ ਹਰੇਕ ਸੰਪਾਦਕ ਹੀ ਇਸ ਉਪਰ ਬੇਲੋੜਾ ਅਧਕ ਲਾਉਣੋ ਕਿਉਂ ਨਹੀ ਉਕਦਾ! ਵੈਸੇ ਗੁਰਬਾਣੀ ਵਿਚ ਇਸ ਅਰਥ ਵਾਸਤੇ, ਇਹ ਸ਼ਬਦ ਇਹਨਾਂ ਰੂਪਾਂ ਵਿਚ ਵੀ ਆਇਆ ਹੈ: ਕਛ, ਕਛੁ, ਕਛੂ, ਕਛੂਅ, ਕਛੂਅਕ, ਕਿਛ, ਕਿਛੁ, ਕਿਛੂ, ਕਿਛੂਅ, ਕਿਛਹੂ, ਕਿਝੁ, ਕਿਝ; ਜਿਨ੍ਹਾਂ ਨੂੰ ਅਜੋਕੇ ਸਮੇ ਦੇ ਛਾਪੇਖਾਨੇ ਵਿਚ ਲਿਆ ਕੇ, ਪਹਿਲਾਂ ਹੀ ਵਲ਼ਗਣੋ ਬਾਹਰੀਆਂ ਹੋ ਚੁੱਕੀਆਂ ਉਲ਼ਝਣਾਂ ਵਿਚ ਹੋਰ ਵਾਧਾ ਕਰਨ ਦੀ ਕੋਈ ਲੋੜ ਨਹੀ। ਹੁਣ ਇਸ ਦਾ ਪ੍ਰਚੱਲਤ ਰੂਪ 'ਕੁਝ' ਹੀ ਠੀਕ ਹੈ। ਯਾਦ ਰਹੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਾ ਤੇ 'ਕੁਝ' ਸ਼ਬਦ ਆਇਆ ਹੈ ਤੇ ਨਾ ਹੀ 'ਕੁਛ'।

ਪੰਜਾਬੀ ਵਿਚ ਇਹਨਾਂ ਕੁਝ ਗਿਣਵੇ ਚੁਣਵੇਂ ਥਾਂਵਾਂ ਤੋਂ ਬਿਨਾ, ਹੋਰ ਥਾਂਵਾਂ ਤੇ ਅਧਕ ਨਾ ਵੀ ਲੱਗੇ ਤਾਂ ਅਰਥਾਂ ਵਿਚ ਫਿਰ ਵੀ ਕੋਈ ਫਰਕ ਨਹੀ ਪੈਂਦਾ: 


ਪਦ (ਪਦਵੀ)      ਪੱਦ (ਅਸ਼ੁਧ ਹਵਾ)              ਪੱਤਣ (ਪੋਰਟ)      ਪਤਨ (ਗਿਰਾਵਟ)
ਕਦ (ਕਦੋਂ)        ਕੱਦ (ਸਾਈਜ਼)                  ਗੁਦਾ (ਪਿੱਠ)       ਗੁੱਦਾ (ਪਲਪ)
ਪਤ (ਇਜ਼ਤ)      ਪੱਤ (ਪੱਤੇ)                     ਜਤ (ਸੰਜਮ)       ਜੱਤ (ਵਾਲ਼)
ਭਲਾ (ਚੰਗਾ)       ਭੱਲਾ (ਖਾਣ ਵਾਲ਼ਾ)               ਧੁਪ (ਧੋਣਾ)        ਧੁੱਪ (ਸੂਰਜ ਦੀ)
ਪਤਾ (ਸਿਰਨਾਵਾਂ)  ਪੱਤਾ (ਦਰੱਖ਼ਤ ਦਾ ਪੱਤਾ)         ਸਦਾ (ਹਮੇਸ਼ਾਂ)     ਸੱਦਾ (ਬੁਲਾਵਾ)
ਬੱਚਾ (ਬਾਲਕ)     ਬਚਾ (ਬਚਾਉਣਾ)                ਸਜਾ (ਜੁਰਮਾਨਾ)   ਸੱਜਾ (ਰਾਈਟ)

-‌ਗਿਆਨੀ ਸੰਤੋਖ ਸਿੰਘ, ਸਿਡਨੀ 

(ਨੋਟ: ਇਸ ਲੇਖ ਦਾ ਇਕ ਅੱਖਰ ਵੀ ਸੰਪਾਦਿਤ ਨਹੀਂ ਕੀਤਾ ਗਿਆ। ਇਸ ਲੇਖ ਦਾ ਸੰਪਾਦਕ ਖੁਦ ਲੇਖਕ ਹੈ)
5:05 PM | 0 comments

ਇੰਟਰਨੈੱਟ ਰਾਹੀਂ ਪੰਜਾਬੀ ਦੀ ਤਰੱਕੀ ਲਈ ਸਾਂਝੇ ਉੱਦਮ ਦੀ ਲੋੜ-ਤੀਸਰੀ ਵਰ੍ਹੇਗੰਢ ਤੇ ਵਿਸ਼ੇਸ਼

Written By ਲਫ਼ਜ਼ਾਂ ਦਾ ਸੇਵਾਦਾਰ on Monday, January 2, 2012 | 4:16 PM

ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ!!!

ਨਵੇਂ ਸਾਲ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ

ਤਿੰਨ ਸਾਲ ਪਹਿਲਾਂ 28 ਦਸੰਬਰ 2008 ਵਾਲੇ ਦਿਨ ਲਫ਼ਜ਼ਾਂ ਦਾ ਪੁਲ ਪੰਜਾਬੀ ਸਾਹਿਤ ਪ੍ਰੇਮਿਆਂ, ਲੇਖਕਾਂ ਅਤੇ ਪਾਠਕਾਂ ਵਿਚਾਲੇ ਵਿਸ਼ਵ-ਵਿਆਪੀ ਲਫ਼ਜ਼ਾਂ ਦੀ ਸਾਂਝ ਉਸਰਾਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਤਿੰਨ ਸਾਲਾਂ ਵਿਚ ਭਾਵੇਂ ਅਸੀ ਬੜੀ ਧੀਮੀ ਰਫ਼ਤਾਰ ਨਾਲ ਤੁਰੇ, ਪਰ ਦੁਨੀਆਂ ਦੇ ਕੋਨੇ-ਕੋਨੇ ਵਿਚ ਪੰਜਾਬੀਆਂ ਨੂੰ ਨਵੀਂ ਤਕਨੀਕ ਰਾਹੀਂ ਪੰਜਾਬੀ ਬੋਲੀ ਨਾਲ ਜੁੜੇ ਰਹਿਣ ਵਾਸਤੇ ਹਲੂਣਾ ਦੇਣ ਦਾ ਸਫ਼ਲ ਯਤਨ ਕਰਦੇ ਰਹੇ। ਇਸ ਸਫ਼ਲਤਾ ਦਾ ਸਿਹਰਾ ਸਭ ਰਚਨਾਕਾਰਾਂ ਦੀਆਂ ਬੇਹਰਤਰੀਨ ਰਚਨਾਵਾਂ ਅਤੇ ਪਾਠਕਾਂ ਦੇ ਸਾਡੇ ਪ੍ਰਤਿ ਮੋਹ ਦੇ ਸਿਰ ਬੱਝਦਾ ਹੈ।

ਤਕਨੀਕੀ ਪੱਧਰ ਉੱਤੇ ਸੁਖਾਲੇ ਉਪਲੱਬਧ ਸਾਧਨਾਂ ਦੇ ਬਾਵਜੂਦ ਇੰਟਰਨੈੱਟ 'ਤੇ ਪੰਜਾਬੀ ਰਸਾਲਾ ਚਲਾਉਣ ਵਿਚ ਸਭ ਤੋਂ ਵੱਡੀ ਮੁਸ਼ਕਿਲ ਚੰਗੀਆਂ ਰਚਨਾਵਾਂ ਦੀ ਚੌਣ ਕਰਨ ਵਿਚ ਆਉਂਦੀ ਹੈ। ਉਹ ਪੰਜਾਬੀ ਨੌਜਵਾਨ ਜਿਹੜੇ ਇੰਟਰਨੈੱਟ ਵਰਤਦੇ ਹਨ, ਉਹ ਸੋਚਦੇ ਹਨ ਕਿ ਉਹ ਜੋ ਵੀ ਲਿਖਦੇ ਹਨ ਉਹ ਮਿਆਰੀ ਹੈ ਅਤੇ ਉਸ ਦਾ ਤੁਰੰਤ ਛਪ ਜਾਣਾ ਲਾਜ਼ਮੀ ਹੈ।  ਉਹ ਕਿਸੇ ਇਕ ਥਾਂ 'ਤੇ ਰਚਨਾ ਛਪਣ ਦਾ ਇੰਤਜ਼ਾਰ ਨਹੀਂ ਕਰਦੇ, ਬਲਕਿ ਤੁਰੰਤ ਰਚਨਾਵਾਂ ਹੋਰ ਕਿਸੇ ਪਾਸੇ ਛਾਪ ਕੇ ਆਤਮ-ਸੰਤੁਸ਼ਟੀ ਹਾਸਿਲ ਕਰ ਲੈਂਦੇ ਹਨ। ਇਸ ਵਰਤਾਰੇ ਕਾਰਨ ਗੈਰ-ਮਿਆਰੀ ਰਚਨਾਵਾਂ ਦਾ ਖਲਾਰਾ ਇੰਟਰਨੈੱਟ 'ਤੇ ਪੈਂਦਾ ਜਾ ਰਿਹਾ ਹੈ। ਚੰਗੀਆਂ ਅਤੇ ਮਿਆਰੀ ਰਚਨਾਵਾਂ ਲਿਖਣਵਾਉਣ ਅਤੇ ਛਾਪਣ ਵਿਚ ਕੁਝ ਵਕਤ ਲੱਗਦਾ ਹੈ, ਜਿਸ ਕਰ ਕੇ ਸਾਡੀ ਰਫ਼ਤਾਰ ਧੀਮੀ ਹੈ।

ਦੂਜੀ ਗੱਲ, ਜਿਆਦਾਤਰ ਪੰਜਾਬੀ ਹਾਲੇ ਵੀ ਗੁਰਮੁਖੀ ਵਿਚ ਟਾਈਪ ਕਰਨ ਦੀ ਬਜਾਇ ਅੰਗਰੇਜ਼ੀ ਵਿਚ ਪੰਜਾਬੀ ਟਾਇਪ ਕਰਨ ਵਿਚ ਯਕੀਨ ਰੱਖਦੇ ਹਨ। ਬਹੁਤੇ ਆਪਣੀਆਂ ਰਚਨਾਵਾਂ ਕਾਗਜ਼ ਤੇ ਲਿਖ ਕੇ ਫੋਟੋ ਖਿੱਚ ਕੇ ਭੇਜ ਦਿੰਦੇ ਹਨ। ਪੰਜਾਬੀ ਬੋਲੀ ਦਾ ਭਲਾ ਤਾਂ ਹੀ ਹੋ ਸਕਦਾ ਹੈ, ਜੇਕਰ ਨਵੇਂ ਸੂਚਨਾ ਮਾਧਿਅਮ ਵਰਤਣ ਵਾਲੇ ਲੇਖਕ ਨਵੀ ਤਕਨੀਕ ਦੇ ਹਿਸਾਬ ਨਾਲ ਪੰਜਾਬੀ ਲਿਖਣਾ (ਟਾਈਪ ਕਰਨਾ) ਸਿੱਖਣ ਅਤੇ ਉਹ ਕੰਮਪਿਊਟਰ ਅਤੇ ਇੰਟਰਨੈੱਟ ਨੂੰ ਪੰਜਾਬੀ ਵਿਚ ਵਰਤਣ ਦਾ ਜੇਰਾ ਕਰਨ। ਇਹ ਜੇਰਾ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ, ਸਿਰਫ਼ ਇੱਛਾ-ਸ਼ਕਤੀ ਅਤੇ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੈ।

ਇਕ ਹੋਰ ਚੁਣੌਤੀ ਪਾਠਕਾਂ ਨੂੰ ਉਤਸ਼ਾਹਿਤ ਕਰਨ ਦੀ ਹੈ। ਭਾਵੇਂ ਕਿ ਇਹ ਜਰੂਰੀ ਨਹੀਂ ਕਿ ਜਿਹੜਾ ਵੀ ਪਾਠਕ ਕੋਈ ਰਚਨਾ ਪੜ੍ਹੇ ਉਹ ਟਿੱਪਣੀ ਜਰੂਰ ਕਰੇ ਅਤੇ ਇਹ ਹਰ ਪਾਠਕ ਲਈ ਸੰਭਵ ਵੀ ਨਹੀਂ ਹੁੰਦਾ, ਪਰ ਘੱਟੋ-ਘੱਟ ਉਹ ਸੂਝਵਾਨ ਪਾਠਕ ਜੋ ਸਾਹਿਤ ਨੂੰ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਮਾਧਿਅਮ ਸਮਝਦੇ ਨੇ, ਉਹ ਜਰੂਰ ਆਪਣੀ ਅਲੋਚਨਾਤਮਕ ਅਤੇ ਸਮੀਖਿਆ ਆਧਾਰਿਤ ਟਿੱਪਣੀ ਸਮੂਹ ਪਾਠਕਾਂ ਨਾਲ ਸਾਂਝੀ ਕਰਨ। ਅਸਲ ਵਿਚ ਵਿਚਾਰਾਂ ਦੇ ਪ੍ਰਗਟਾਅ ਦਾ ਜੋ ਵਰਤਾਰਾ ਦੂਜੀਆਂ ਭਾਸ਼ਾਵਾਂ ਦੇ ਨਵੇਂ ਮੀਡੀਏ ਵਿਚ ਵਰਤ ਰਿਹਾ ਹੈ, ਉਸ ਪੱਖੋਂ ਪੰਜਾਬੀ ਪਾਠਕ ਹਾਲੇ ਅਵੇਸਲੇ ਹਨ। ਉਹ ਅਲੋਚਨਾਤਮਕ ਟਿੱਪਣੀਆਂ ਕਰਨ ਦੀ ਬਜਾਇ ਚੁੱਪ ਰਹਿਣਾ ਜਿਆਦਾ ਪਸੰਦ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਆਪ ਇੰਟਰਨੈੱਟ ਮਾਧਿਅਮਾਂ ਤੇ ਕਿਸੇ ਦਾ ਵਿਰੋਧ ਜਾਂ ਅਲੋਚਨਾ ਨਾ ਸਹਿਣੀ ਪਵੇ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਬਹੁ-ਦਿਸ਼ਾਵੀ ਸੰਵਾਦ ਤੋਂ ਬਿਨ੍ਹਾਂ ਕਿਸੇ ਵੀ ਭਾਸ਼ਾ ਦੀ ਤਰੱਕੀ ਸੰਭਵ ਨਹੀਂ।

ਸੋ, ਅਸੀ ਸਮੂਹ ਪਾਠਕਾਂ ਅਤੇ ਲੇਖਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਮੂਹ ਵਾਦਾਂ, ਧਿਰਾਂ ਅਤੇ ਪੂਰਵ-ਨਿਰਧਾਰਿਤ ਸੋਚਾਂ ਦੇ ਦਾਇਰਿਆਂ ਤੋਂ ਉੱਪਰ ਉੱਠ ਕੇ ਇਸ ਖੁੱਲੇ ਮੰਚ ਤੇ ਬੇਬਾਕੀ ਨਾਲ ਸਾਹਮਣੇ ਆਉਣ ਅਤੇ ਇਸ ਸੰਵਾਦ ਦਾ ਹਿੱਸਾ ਬਣਨ। ਅਸੀ ਕਿਸੇ ਵੀ ਟਿੱਪਣੀ ਅਤੇ ਵਿਚਾਰ ਉੱਤੇ ਰੋਕ ਨਹੀਂ ਲਾਉਂਦੇ ਭਾਵੇਂ ਕਿ ਉਹ ਸਾਡੀ ਸੋਚ ਨਾਲ ਮੇਲ ਖਾਂਦੀ ਹੋਵੇ ਜਾਂ ਨਾ। ਅਸੀ ਵਿਚਾਰਾਂ ਦੀ ਆਜ਼ਾਦੀ ਦੀ ਖੁੱਲ ਦੇ ਪੂਰੀ ਤਰ੍ਹਾਂ ਹਾਮੀ ਹਾਂ ਅਤੇ ਆਪਣੇ ਵਿਰੋਧੀ ਵਿਚਾਰਾਂ ਦਾ ਵੀ ਖੁੱਲਾ ਸਵਾਗਤ ਕਰਦੇ ਹਾਂ।

ਵਾਅਦਾ ਕਰਦੇ ਹਾਂ, ਇਸ ਸਾਲ ਵਿਚ ਅਤੇ ਆਉਣ ਵਾਲੇ ਹਰ ਸਾਲ ਵਿਚ ਅਸੀ ਪੰਜਾਬੀ ਦੀ ਪ੍ਰਫੁੱਲਤਾ ਲਈ ਨਿਰਪੱਖ ਹੋ ਕੇ ਯਤਨਸ਼ੀਲ ਰਹਾਂਗੇ ਅਤੇ ਉਨ੍ਹਾਂ ਲੇਖਕਾਂ-ਪਾਠਕਾਂ ਨਾਲ ਸਾਡਾ ਸਾਥ ਹਮੇਸ਼ਾ ਰਹੇਗਾ, ਜੋ ਲੋਕ-ਪੱਖੀ ਵਿਚਾਰਾਂ ਨਾਲ ਸਾਡੇ ਰਚਨਾਤਮਕ ਹੰਭਲੇ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ, ਭਾਵੇਂ ਉਹ ਕਿਸੇ ਵੀ ਦੇਸ਼, ਖਿੱਤੇ ਵਰਗ ਜਾਂ ਧਰਮ ਨਾਲ ਵਾਸਤਾ ਰੱਖਦੇ ਹੋਣ। ਸਾਡਾ ਮੰਚ ਉਨ੍ਹਾਂ ਲਈ ਹਮੇਸ਼ਾ ਖੁੱਲਾ ਰਹੇਗਾ, ਜਿਨ੍ਹਾਂ ਦੇ ਲਫ਼ਜ਼ਾਂ ਵਿਚ ਡਾਂਗ ਵਰਗਾ ਖੜਾਕ ਹੈ, ਪਰ ਸਹੀ ਥਾਂ ਤੇ ਚੋਟ ਕਰਨ ਦਾ ਵਸੀਲਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਅਸੀ ਉਨ੍ਹਾਂ ਦਾ ਵਸੀਲਾ ਬਣਾਂਗੇ।

ਇਕ ਵਾਰ ਫੇਰ ਨਵੇਂ ਸਾਲ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ

ਦੀਪ ਜਗਦੀਪ ਸਿੰਘ
ਸੰਪਾਦਕ
lafzandapul@gmail.com
4:16 PM | 0 comments

ਹੈਰਤਅੰਗੇਜ਼ ਜੇਬੀ ਕੈਲੰਡਰ 2012

                   ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇ ਨਾਲ ਹੀ ਹਰੇਕ ਸਾਲ ਦੀ ਜ਼ਰੂਰਤ ਮੁਤਾਬਕ ਨਵੇਂ ਸਾਲ ਦੇ ਕੈਲੰਡਰ ਦੀ ਲੋੜ ਵੀ ਪੈਣੀ ਹੈ। ਇਸ ਸਾਲ ਵਿੱਚ 12 ਮਹੀਨੇ 53 ਐਤਵਾਰ ਅਤੇ 366 ਦਿਨ ਹਨ । ਜਿਵੇ ਕੇ ਆਪਾਂ ਜਾਣਦੇ ਹੀ ਹਾਂ ਕਿ ਹਰ ਮਹੀਨੇ ਦੀਆਂ ਤਰੀਕਾਂ ਦੇ ਦਿਨ ਵੱਖੋ-ਵੱਖਰੇ ਹੁੰਦੇ ਹਨ, ਜਿਨ੍ਹਾਂ ਬਾਰੇ ਜਾਨਣ ਲਈ ਸਾਨੂੰ ਕੈਲੰਡਰ ਦੀ ਜ਼ਰੂਰਤ ਪੈਂਦੀ ਹੈ, ਪਰ ਅੱਜ ਇਥੇ ਜਿਸ ਕੈਲੰਡਰ ਦੀ ਗੱਲ ਕਰ ਰਹੇ ਹਾਂ, ਇਹ ਬਹੁਤ ਹੀ ਦਿਲਚਸਪ ਅਤੇ ਅਨੋਖਾ ਕੈਲੰਡਰ ਹੈ। ਇਸ ਦੀ ਵਰਤੋਂ ਕਰਨ ਦਾ ਵੀ ਆਪਣਾ ਹੀ ਇਕ ਤਰੀਕਾ ਹੈਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਮਹੀਨਿਆਂ ਅਤੇ ਦਿਨਾਂ ਦੇ ਕੋਡਾਂ ਦੀ ਗਿਣਤੀ ਯਾਦ ਰੱਖਣ ਦੀ ਲੋੜ ਪਵੇਗੀ । ਇਨ੍ਹਾਂ ਨੂੰ ਰਤਾ ਧਿਆਨ ਨਾਲ ਵੇਖਣ-ਪਰਖ਼ਣ  ਅਤੇ ਯਾਦ ਰੱਖਣ ਦੀ ਖ਼ਾਸ ਲੋੜ ਹੈ । ਅਸੀਂ ਜਿਓਂ ਹੀ ਇਹ ਯਾਦ ਕਰ ਲਏ, ਤਾਂ ਸਾਡਾ ਜੇਬੀ ਕੈਲੰਡਰ ਵੀ ਤਿਆਰ ਹੈ। ਜੇਬੀ ਕੈਲੰਡਰ ਇਸ ਲਈ ਕਿਹਾ ਹੈ ਕਿ ਇਹ ਕੋਡ ਜੇ ਲੋੜ ਲੱਗੇ ਤਾਂ ਲਿਖ ਕੇ ਵੀ ਜੇਬ ਵਿੱਚ ਰੱਖੇ ਜਾ ਸਕਦੇ ਹਨ । 
                            ਇੱਕ ਮਿੰਟ ਲਈ ਇਹ ਗੱਲ ਸੋਚੋ ਕਿ ਜੇ ਆਪਾਂ ਬੱਸ ਵਿੱਚ ਸਫ਼ਰ ਕਰਦੇ ਹਾਂ ਜਾਂ ਕਿਸੇ ਮਹਿਫ਼ਲ ਵਿੱਚ ਬੈਠੇ ਹਾਂ ਜਾਂ ਇਹ ਪਤਾ ਕਰਨਾ ਹੈ ਕਿ ਐਤਵਾਰ ਕਿਹੜੇ ਕਿਹੜੇ ਦਿਨਾਂ ਨੂੰ ਆਉਣਗੇ, ਅਰਥਾਤ 15 ਅਗਸਤ ਦੀ ਛੁੱਟੀ ਵਾਲਾ ਦਿਨ ਕਿਹੜਾ ਹੋਵੇਗਾ ਜਾਂ 2 ਅਕਤੂਬਰ ਨੂੰ ਕਿਹੜਾ ਦਿਨ ਆਵੇਗਾ, ਇਸ ਗੱਲ ਦੀ ਚਿੰਤਾ ਮੰਨਣ ਦੀ ਜ਼ਰੂਰਤ ਨਹੀਂ ਹੈ। ਬਗੈਰ ਕਿਸੇ ਡਾਇਰੀ ਦੇ ਪੰਨੇ ਫ਼ਰੋਲਿਆਂ ਅਤੇ ਬਗੈਰ ਕੋਈ ਕੈਲੰਡਰ ਵੇਖਿਆਂ ,ਬਗੈਰ ਉਸ ਸਥਾਨ ਤੋਂ ਹਿਲਿਆਂ-ਜੁੱਲਿਆਂ ਅਸਾਨੀ ਨਾਲ ਤੁਸੀਂ ਸਾਰੇ ਇਸ ਦਾ ਵੇਰਵਾ ਉੱਥੇ ਬੈਠੇ ਬਿਠਾਏ ਹੀ ਹਾਸਲ ਕਰ ਸਕਦੇ ਹੋ। ਜਿਸ ਨੂੰ ਜੇਬੀ ਕੈਲੰਡਰ ਦੇ ਨਾਲ-ਨਾਲ ਦਿਮਾਗੀ ਕੈਲੰਡਰ ਦਾ ਨਾਂਅ ਵੀ ਦੇ ਸਕਦੇ ਹਾਂ। ਬੜਾ ਆਸਾਨ ਤਰੀਕਾ ਹੈ। ਯਾਦ ਰੱਖਣ ਵਾਲੇ ਕੋਡ ਜਾਂ ਅੰਕਾਂ ਦਾ ਵੇਰਵਾ ਇਸ ਤਰ੍ਹਾਂ ਹੈ-
ਮਹੀਨਿਆਂ ਦੇ ਕੋਡ
ਜਨਵਰੀ-6, ਫਰਵਰੀ-2, ਮਾਰਚ-3, ਅਪ੍ਰੈਲ-6, ਮਈ-1, ਜੂਨ-4, ਜੁਲਾਈ-6, 
ਅਗਸਤ-2, ਸਤੰਬਰ-5, ਅਕਤੂਬਰ-7, ਨਵੰਬਰ-3, ਦਸੰਬਰ-5

ਦਿਨਾਂ ਦੇ ਕੋਡ
ਐਤਵਾਰ-0, ਸੋਮਵਾਰ-1, ਮੰਗਲਵਾਰ-2, ਬੁੱਧਵਾਰ-3, ਵੀਰਵਾਰ-4, ਸ਼ੁੱਕਰਵਾਰ-5, ਸਨਿਚਰਵਾਰ-6

                          ਇਹ ਕੋਡ ਵੇਖ ਕੇ ਤੁਹਾਨੂੰ ਥੋੜੀ ਜਿਹੀ ਹੈਰਾਨੀ ਹੋਈ ਹੋਵੇਗੀ ਕਿ ਇਹ ਕੀ ਬੁਝਾਰਤ ਹੈ, ਪਰ ਰੱਤਾ ਗਹੁ ਨਾਲ ਸਾਰੀ ਗੱਲ ਨੂੰ ਸਮਝੋ। ਤੁਸੀਂ ਆਪਣੀ ਇੱਛਾ ਨਾਲ ਜਿਹੜੇ ਵੀ ਮਰਜ਼ੀ ਮਹੀਨੇ ਦੀ ਜਿਹੜੀ ਵੀ ਤਰੀਕ ਦਾ ਦਿਨ-ਪਤਾ ਕਰਨ ਦੀ ਖ਼ਵਾਇਸ਼ ਰੱਖਦੇ ਹੋ, ਉਸ ਤਰੀਕ ਵਿਚ ਉਸ ਮਹੀਨੇ ਦਾ ਕੋਡ ਜੋੜ ਦਿਓਇਸ ਤਰ੍ਹਾਂ ਕਰਨ ਨਾਲ ਜੋ ਅੰਕ (ਜੋੜ) ਪ੍ਰਾਪਤ ਹੋਵੇਗਾ, ਉਸ ਨੂੰ ਹੁਣ 7 ਨਾਲ ਭਾਗ ਕਰ ਦਿਓ । ਜੋ ਬਾਕੀ ਬਚੇਗਾ ਉਸ ਅਨੁਸਾਰ ਹੀ ਦਿਨ ਦਾ ਪਤਾ ਲੱਗ ਜਾਵੇਗਾ। ਮੰਨ ਲਵੋ ਇੱਕ ਬਾਕੀ ਬਚਦਾ ਹੈ,ਤਾਂ ਦਿਨ ਸੋਮਵਾਰ ਬਣੇਗਾ। ਅਗਰ ਸਿਫ਼ਰ ਬਚੇ ਤਾਂ ਦਿਨ ਐਤਵਾਰ ਹੋਵੇਗਾ। ਹੁਣ ਕੁੱਝ ਹੋਰ ਉਦਾਹਰਣਾਂ ਰਾਹੀਂ ਆਪਾਂ ਪਰਖ਼ ਕਰਦੇ ਹਾਂ; 15 ਅਗਸਤ ਨੂੰ ਦਿਨ ਪਤਾ ਕਰਨ ਲਈ 15+2=17/7 ਬਾਕੀ 3 ਬਚੇ ਤਾਂ ਦਿਨ ਬੁੱਧਵਾਰ ਰਿਹਾ। ਹੁਣ 20 ਨਵੰਬਰ ਦਾ ਵੇਰਵਾ ਵੇਖੋ 20+3=23/7 ਬਾਕੀ 2 ਬਚਣ ਨਾਲ ਦਿਨ ਮੰਗਲਵਾਰ ਬਣਿਆਂ । ਨਵਾਂ ਸਾਲ 2013 ਮੰਗਲਵਾਰ ਨੂੰ ਚੜ੍ਹੇਗਾ। ਇਹ ਪਤਾ ਕਰਨ ਲਈ 31 ਦਸੰਬਰ ਦਾ ਦਿਨ ਵੇਖੋ 31+5=36/7 ਬਾਕੀ ਇੱਕ ਬਚਿਆ ਅਤੇ 31 ਦਸੰਬਰ ਨੂੰ ਦਿਨ ਸੋਮਵਾਰ ਆਇਆ । ਇਸ ਤਰ੍ਹਾਂ ਪਹਿਲੀ ਤਾਰੀਖ਼ ਮੰਗਲਵਾਰ ਨੂੰ ਆਵੇਗੀ । 
                  ਇਸ ਨੂੰ ਹੋਰ ਆਸਾਨੀ ਨਾਲ ਸਮਝਣ ਲਈ ਕੁੱਝ ਉਦਾਹਰਣਾ ਨੂੰ ਵੇਖੋ। ਮੰਨ ਲਵੋ ਆਪਾਂ 26 ਜਨਵਰੀ ਦਾ ਦਿਨ ਪਤਾ ਕਰਨਾ ਹੈ, ਤਾਂ ਮਹੀਨੇ ਦੀ ਤਾਰੀਖ਼ 26 ਵਿੱਚ, ਜਨਵਰੀ ਮਹੀਨੇ ਦਾ ਕੋਡ ਜੋ ਤੁਸੀਂ ਯਾਦ ਕਰ ਰੱਖਿਆ ਹੈ 6 ਜੋੜ ਦਿਓ । ਦੋਹਾਂ ਦਾ ਜੋੜ 26+6= 32 ਬਣਦਾ ਹੈ, ਹੁਣ ਇਸ ਨੂੰ 7 ਨਾਲ ਭਾਗ ਕਰ ਦਿਓ 32/7 = ਜਵਾਬ 4 ਆਇਆ ਹੈ, ਪਰ ਅਸੀਂ ਬਗੈਰ ਉੱਤਰ ਦਾ ਧਿਆਨ ਕਰਿਆਂ ,ਬਾਕੀ ਵੇਖਣਾ ਹੈ ਕਿ ਕੀ ਬਚਦਾ ਹੈ । ਇਸ ਭਾਗ ਨਾਲ ਬਾਕੀ 4 ਬਚਦੇ ਹਨ, ਇਸ ਤਰ੍ਹਾਂ 26 ਜਨਵਰੀ ਨੂੰ ਦਿਨ ਵੀਰਵਾਰ ਆਵੇਗਾ । ਇਸ ਤੋਂ ਇਲਾਵਾ ਇੱਕ ਹੋਰ ਉਦਾਹਰਣ ਦਾ ਜ਼ਿਕਰ ਕਰਨਾ ਵੀ ਜਰੂਰੀ ਜਾਪਦਾ ਹੈ, ਮੰਨ ਲਵੋ ਕਿ ਜੋੜ ਕਰਨ ਤੇ ਜੋੜ 7 ਤੋਂ ਘੱਟ ਰਹਿੰਦਾ ਹੈ ਅਤੇ ਭਾਗ ਨਹੀਂ ਕੀਤਾ ਜਾ ਸਕਦਾ ਤਾਂ ਉਸ ਜੋੜ ਮੁਤਾਬਕ ਹੀ ਦਿਨ ਆਵੇਗਾ। ਇੱਕ ਉਦਾਹਰਣ ਵੇਖੋ ਮਾਰਚ ਮਹੀਨੇ ਦਾ ਕੋਡ 3 ਹੈਅਤੇ ਅਸੀਂ 3 ਮਾਰਚ ਦਾ ਦਿਨ ਹੀ ਜਾਨਣਾ ਚਾਹੁੰਦੇ ਹਾਂ ,ਪਰ ਜੋੜ 3+3=6 ਹੀ ਬਣਦਾ ਹੈ, ਇਹ 7 ਨਾਲ ਭਾਗ ਨਹੀਂ ਕੀਤਾ ਜਾ ਸਕਦਾ । ਤਾਂ ਇਸ ਮੁਤਾਬਕ ਹੀ ਦਿਨ ਸ਼ਨਿਚਰਵਾਰ ਆਵੇਗਾ । ਏਸੇ ਹੀ ਤਰੀਕੇ ਨਾਲ,ਇਸ ਹੈਰਤ-ਅੰਗੇਜ਼ ਕੈਲੰਡਰ ਰਾਹੀਂ ਬਾਕੀ ਦਿਨਾਂ ਦਾ ਵੀ ਏਵੇਂ ਹੀ ਪਤਾ ਲਾਇਆ ਜਾ ਸਕਦਾ ਹੈ । ਅਣਜਾਣ ਵਿਅਕਤੀ ਨਾਲ ਦਿਨ ਦੱਸਣ ਦੀ ਖੇਡ ਵੀ ਰੌਚਕਤਾ ਨਾਲ ਖੇਡੀ ਜਾ ਸਕਦੀ ਹੈ । ਉਹ ਹੈਰਾਨ ਹੋਵੇਗਾ ਕਿ ਇਸ ਨੇ ਏਨੀ ਜਲਦੀ ਦਿਨ ਕਿਵੇਂ ਬੁੱਝ ਲਿਆ ? ਬੱਚਿਆਂ ਲਈ ਇਹ ਇੱਕ ਬਹੁਤ ਹੀ ਦਿਲਚਸਪ ਖੇਡ ਹੈ ਅਤੇ ਉਹ ਇਸ ਨੂੰ ਬਹੁਤ ਹੀ ਚਾਅ ਨਾਲ ਖੇਡਣਾ ਪਸੰਦ ਕਰਨਗੇ ।
-ਰਣਜੀਤ ਸਿੰਘ ਪ੍ਰੀਤ, ਭਗਤਾ (ਬਠਿੰਡਾ)
3:05 PM | 0 comments

ਨਾਟਕ ‘ਮਾਂ ਮੈਨੂੰ ਮਾਰੀਂ ਨਾ' ਧੀਆਂ ਦੀ ਕਹਾਣੀ ਪੇਸ਼ ਕਰੇਗਾ

Written By ਲਫ਼ਜ਼ਾਂ ਦਾ ਸੇਵਾਦਾਰ on Saturday, December 3, 2011 | 11:36 AM

ਪੰਜਾਬੀ ਸਿਨੇਮਾ ਦੀ ਮਸ਼ਹੂਰ ਚਰਿਤੱਰ ਅਦਾਕਾਰਾ ਨਿਰਮਲ ਰਿਸ਼ੀ ਵੱਲੋਂ ਨਿਰਦੇਸ਼ਿਤ, ਅਲਾਇਵ ਆਰਟਿਸਟ ਗਰੁੱਪ ਲੁਧਿਆਣਾ ਦਾ ਪੰਜਾਬੀ ਨਾਟਕ ‘ਮਾਂ ਮੈਨੂੰ ਮਾਰੀਂ ਨਾ' 9 ਦਸੰਬਰ 2011 ਨੂੰ ਸ਼ਾਮ 7 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਮੰਚਿਤ ਕੀਤਾ ਜਾ ਰਿਹਾ ਹੈ। ਗਰੁੱਪ ਦੇ ਕੋਆਰਡੀਨੇਟਰ
ਨਿਰਮਲ ਰਿਸ਼ੀ
ਬਲਵਿੰਦਰ ਗਿੱਲ ਤੇ ਜਨਮੇਜਾ ਜੌਹਲ ਨੇ ਦੱਸਿਆ ਕਿ ਇਹ ਨਾਟਕ ਸ਼ਹਿਰ ਵਾਸੀਆਂ ਲਈ ਇਕ ਅਦੁੱਤੀ ਪੇਸ਼ਕਸ਼ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਗਰੁੱਪ ਦੀ ਸਮੁੱਚੀ ਟੀਮ ਲੰਬੇ ਅਰਸੇ ਅਤੇ ਅੱਣਥਕ ਮਿਹਨਤ ਤੋਂ ਬਾਅਦ ਸ਼ਹਿਰ ਵਿਚ ਨਾਟਕ ਕਲਾ ਰਾਹੀਂ ਧੀਆਂ ਦਾ ਸੁਨੇਹਾ ਘਰ-ਘਰ ਪਹੁੰਚਾਉਣ ਜਾ ਰਿਹਾ ਹੈ। ਰੌਸ਼ਨੀ ਅਤੇ ਵਿਰਾਗ ਰਾਗ ਦਾ ਸੰਗੀਤ ਅਤੇ ਬੋਲ ਆਪਣੇ ਆਪ ਵਿਚ ਇਕ ਕੀਰਤੀਮਾਨ ਹੋਣਗੇ, ਇਸ ਵਿਚ 22 ਕਲਾਕਾਰ, ਧਰਮਿੰਦਰਾ, ਰੋਹਿਤ, ਕਰਨ, ਆਲਮ, ਹਰਪ੍ਰੀਤ, ਸੋਨੂੰ, ਹੈਰੀ, ਗੁਰਪ੍ਰੀਤ, ਸੰਨੀ, ਪਰਮਿੰਦਰ, ਰੋਜ਼ੀ, ਜਸਮੀਤ, ਅਨੂ, ਮਨੂ, ਗੋਲਡੀ, ਮੁਸਕਾਨ, ਸੁੱਖੀ, ਸਿਮਰਨ, ਰਾਜਨੀ, ਨਵਕਿਰਨ, ਤੇਜਿੰਦਰ ਅਤੇ ਡਾਇਰੈਕਟਰ ਨਿਰਮਲ ਰਿਸ਼ੀ ਖੁਦ ਅਹਿਮ ਕਿਰਦਾਰ ਨਿਭਾ ਰਹੇ ਹਨ। ਜੌਹਲ ਨੇ ਦੱਸਿਆ ਕਿ ਇਸ ਨਾਟਕ ਨੂੰ ਦੇਖਣ ਲਈ ਕਿਸੇ ਪਾਸ ਜਾਂ ਟਿਕਟ ਦੀ ਲੋੜ ਨਹੀਂ ਬਲਕਿ ਸਮੂਹ ਪੰਜਾਬੀਆਂ ਨੂੰ ਨਾਟਕ ਦੇਖਣ ਦਾ ਖੁੱਲਾ ਸੱਦਾ ਹੈ।
11:36 AM | 0 comments

ਪੰਜਾਬੀ ਰੰਗਮੰਚ ਯੁਵਾ ਪੁਰਸਕਾਰ ਸੰਤੋਖ ਸਿੰਘ ਸੁਖਾਣਾ ਨੂੰ

Written By ਲਫ਼ਜ਼ਾਂ ਦਾ ਸੇਵਾਦਾਰ on Wednesday, November 30, 2011 | 12:09 PM

30 ਨਵੰਬਰ। ਲੁਧਿਆਣਾ
ਪੰਜਾਬੀ ਰੰਗਮੰਚ ਯੁਵਾ ਪੁਰਸਕਾਰ ਪੰਜਾਬੀ ਨਾਟ ਅਕਾਡਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ, ਇਹ ਫ਼ੈਸਲਾ ਪੱਖੋਵਾਲ ਰੋਡ ਸਥਿੱਤ ਜੱਸੋਵਾਲ ਪੰਜਾਬੀ ਵਿਰਾਸਤ ਭਵਨ ਵਿਖੇ ਹੋਈ ਮਾਲਵਾ ਰੰਗਮੰਚ ਪੰਜਾਬ ਦੀ ਕਾਰਜਕਾਰਨੀ ਕਮੇਟੀ ਦੀ ਬੈਠਕ ਵਿਚ ਲਿਆ ਗਿਆ। ਮੰਚ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਜਲੌਰ ਸਿੰਘ ਖੀਵਾ ਦੀ ਪ੍ਰਧਾਨੀ ਵਿੱਚ ਹੋਈ ਇਸ ਮੀਟਿੰਗ ਵਿਚ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਵਿਕਾਸ ਲਈ ਉਪਰਾਲੇ ਕਰਨ ਸਬੰਧੀ ਕਈ ਠੋਸ ਫੈਸਲੇ ਵੀ ਲਏ। ਡਾ. ਖੀਵਾ ਨੇ ਕਿਹਾ ਕਿ ਪੰਜਾਬੀ ਨਾਟਕ ਅਤੇ ਅਦਾਕਾਰੀ ਦਾ ਵਿਸ਼ਾ ਸਕੂਲਾਂ ਕਾਲਜ਼ਾਂ ਦੀ ਪੜਾਈ ਦਾ ਹਿੱਸਾ ਹੋਣਾ ਚਾਹੀਦਾ ਹੈ ਤਾਂ ਕਿ ਯੂਨੀਵਰਸਿਟੀਆਂ ਵਿੱਚੋਂ ਇਸ ਖੇਤਰ ਦੇ ਉੱਚ ਵਿਦਿਆ ਹਾਸਲ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਹੋ ਸਕਣ।  ਡਾ. ਖੀਵਾ ਨੇ ਕਿਹਾ ਅੱਜ ਪੰਜਾਬੀ ਥੀਏਟਰ ਵਿਕਾਸ ਦੇ ਰਾਹ ਤੇ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਤੋਂ ਭਵਿੱਖ ਵਿੱਚ ਵਧੇਰੇ ਆਸ ਕੀਤੀ  ਜਾ ਸਕਦੀ ਹੈ ।
                     ਮਾਲਵਾ ਰੰਗਮੰਚ ਪੰਜਾਬ ਦੇ ਜਨਰਲ ਸਕੱਤਰ ਕੁਮਾਰ ਜਗਦੇਵ ਸਿੰਘ ਨੇ ਦੱਸਿਆ ਸੰਤੋਖ ਸਿੰਘ ਸੁਖਾਣਾ ਵੱਲੋਂ ਪੰਜਾਬੀ ਨਾਟਕ , ਥੀਏਟਰ ਅਤੇ ਰੰਗਕਰਮੀਆਂ ਲਈ ਕੀਤੇ ਗਏ ਉਤਸ਼ਾਹਜਨਕ ਅਤੇ ਸਾਰਥਿਕ ਕਾਰਜ਼ਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਪੁਰਸਕਾਰ ਦੇਣ ਦਾ ਫੈਸਲਾ ਸਰਬ ਸੰਮਤੀ ਨਾਲ ਕੀਤਾ ਗਿਆ ਹੈ। ਕੁਮਾਰ ਨੇ ਦੱਸਿਆ ਕਿ ਅਗਲੇ ਮਹੀਨੇ ਮੰਚ ਵੱਲੋਂ ਅਯੋਜਤ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਇਹ ਪੁਰਸਕਾਰ ਸ਼੍ਰੀ ਸੁਖਾਣਾ ਨੂੰ ਭੇਂਟ ਕੀਤਾ ਜਾਵੇਗਾ।
12:09 PM | 0 comments

ਬਲਜੀਤ ਪਾਲ ਦੀ ਪੁਸਤਕ 'ਬੁੱਤਾਂ ਵਰਗੇ ਲੋਕ' ਬਾਰੇ ਵਿਚਾਰ ਗੋਸ਼ਟੀ

Written By ਲਫ਼ਜ਼ਾਂ ਦਾ ਸੇਵਾਦਾਰ on Friday, November 25, 2011 | 8:02 PM


ਮਾਨਸਾ। ਉਕਾਬ ਚੇਤਨਾ ਮੰਚ, ਮਾਨਸਾ ਵੱਲੋਂ ਸ਼ਾਇਰ ਬਲਜੀਤ ਪਾਲ ਸਿੰਘ ਦੀ ਤੀਸਰੀ ਗ਼ਜ਼ਲ ਪੁਸਤਕ 'ਬੁੱਤਾਂ ਵਰਗੇ ਲੋਕ' ਬਾਰੇ
ਵਿਚਾਰ ਗੋਸ਼ਟੀ 4 ਦਸੰਬਰ ਨੂੰ ਸਵੇਰੇ ਸਾਢੇ ਦੱਸ ਵਜੇ ਸਰਕਾਰੀ ਪ੍ਰਾਇਮਰੀ ਸਕੂਲ,ਜਵਾਹਰਕੇ (ਮਾਨਸਾ) ਵਿਖੇ ਕਰਵਾਈ ਜਾ ਰਹੀ ਹੈ। ਗੋਸ਼ਟੀ ਦੌਰਾਨ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮੋਹਨ ਤਿਆਗੀ ਅਤੇ ਡਾ.ਕਰਨੈਲ ਵੈਰਾਗੀ ਪੁਸਤਕ ਬਾਰੇ ਪਰਚਾ ਪੜ੍ਹਨਗੇ।  ਮੁੱਖ ਮਹਿਮਾਨ ਵੱਜੋਂ ਪ੍ਰੋਫੈਸਰ ਅਜਮੇਰ ਸਿੰਘ ਔਲਖ ਹਾਜ਼ਿਰ ਹੋਣਗੇ ਅਤੇ ਪ੍ਰਧਾਨਗੀ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਕਰਨਗੇ। ਮੰਚ ਸੰਚਾਲਨ ਦੀ ਜਿੰਮੇਵਾਰੀ ਕੁਲਵਿੰਦਰ ਬੱਛੋਆਣਾ ਸੰਭਾਲਣੇ। ਉਕਾਬ ਚੇਤਨਾ ਮੰਚ,ਮਾਨਸਾ ਦੇ ਸਕੱਤਰ ਸੱਤਪਾਲ ਭੀਖੀ ਅਤੇ ਪ੍ਰਧਾਨ ਅਮੋਲਕ ਡੇਲੂਆਣਾ ਨੇ ਸਮੂਹ ਸਾਹਿਤ ਪ੍ਰੇਮਿਆਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਹੈ ਦਿੱਤਾ ਹੈ।

ਨੋਟ: ਪੰਜਾਬੀ ਸਾਹਿਤ-ਸਭਿਆਚਾਰ ਨਾਲ ਸੰਬੰਧਿਤ ਸਮਾਗਮਾਂ ਖ਼ਬਰਾਂ, ਲੇਖ, ਤਸਵੀਰਾਂ ਅਤੇ ਸੂਚਨਾਵਾਂ 
ਸਾਨੂੰ lafzandapul@gmail.com 'ਤੇ ਭੇਜੋ।
8:02 PM | 0 comments

ਪ੍ਰੋਫੈਸਰ ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ 2011 ਲਈ ਪੁਸਤਕਾਂ ਭੇਜੋ, 30 ਨਵੰਬਰ ਤੱਕ

Written By ਲਫ਼ਜ਼ਾਂ ਦਾ ਸੇਵਾਦਾਰ on Wednesday, November 9, 2011 | 9:39 PM

ਲੁਧਿਆਣਾ।  ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਫੈਸਰ ਕੁਲਵੰਤ ਜਗਰਾਉਂ ਯਾਦਗਾਰੀ ਸਾਹਿਤ ਸਨਮਾਨ ਵਾਸਤੇ ਨਵੇਂ ਲੇਖਕਾਂ ਤੋਂ ਪੁਸਤਕਾਂ ਮੰਗਵਾਈਆਂ ਗਈ ਹਨ। ਅਕਾਡਮੀ ਦੇ ਸਕੱਤਰ ਸੁਰਿੰਦਰ ਰਾਮਪੁਰੀ ਵੱਲੋਂ ਜਾਰੀ ਕੀਤੇ ਗਈ ਸੂਚਨਾ ਮੁਤਾਬਿਕ ਸਾਲ 2011 ਦਾ ਇਹ ਸਨਮਾਨ ਕੋਈ ਵੀ ਨਵਾਂ ਪੰਜਾਬੀ ਲੇਖਕ (ਜਿਸਦੀ ਉਮਰ ਦੀ 50 ਸਾਲ ਜਾਂ ਇਸ ਤੋਂ ਘੱਟ ਹੋਵੇ) ਜਿਸ ਦੀ ਪਹਿਲੀ ਪੁਸਤਕ ਸਾਲ 2009 ਤੇ 2010 ਵਿਚ ਪ੍ਰਕਾਸ਼ਿਤ ਹੋਈ ਹੋਵੇ, ਉਸ ਦਾ ਨਾਮ ਇਸ ਸਨਮਾਨ ਲਈ ਵਿਚਾਰਿਆ ਜਾਵੇਗਾ। ਇਸ ਸਨਮਾਨ ਦਾ ਹੱਕਦਾਰ ਬਨਣ ਲਈ ਲੇਖਕ ਆਪਣੀ ਮੌਲਿਕ ਅਤੇ ਰਚਨਾਤਮਕ (ਜਿਵੇਂ ਕਵਿਤਾ, ਵਾਰਤਕ, ਕਹਾਣੀ, ਨਾਟਕ ਜਾਂ ਨਾਵਲ ਆਦਿ) ਪੁਸਤਕ ਦੀਆਂ 5-5 ਕਾਪੀਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਭੇਜ ਸਕਦੇ ਹਨ। ਅਕਾਡਮੀ ਦੇ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਵਿਚ 5100 ਰੁਪਏ ਦੀ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਪੱਤਰ ਭੇਟਾ ਕੀਤਾ ਜਾਵੇਗਾ। ਪੁਸਤਕਾਂ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ ਲੁਧਿਆਣਾ ਦੇ ਨਾਮ 'ਤੇ 30 ਨਵੰਬਰ 2011 ਤੱਕ ਪਹੁੰਚ ਜਾਣੀਆਂ ਚਾਹੀਦੀਆਂ ਹਨ।
9:39 PM | 0 comments

ਦਲੀਪ ਕੌਰ ਟਿਵਾਣਾ ਨੂੰ ਪੰਜਾਬੀ ਸਾਹਿਤ ਅਕਾਡਮੀ ਵਲੋਂ ਫ਼ੈਲੋਸ਼ਿਪ ਪ੍ਰਦਾਨ

Written By ਲਫ਼ਜ਼ਾਂ ਦਾ ਸੇਵਾਦਾਰ on Monday, August 1, 2011 | 11:26 AM


ਲੁਧਿਆਣਾ। 31 ਜੁਲਾਈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਇਜਲਾਸ ਵਿਚ ਪ੍ਰਸਿੱਧ ਗਲਪਕਾਰ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਨੂੰ ਅਕਾਡਮੀ ਦਾ ਸਰਵ-ਉੱਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕੀਤੀ ਗਈ।  ਫ਼ੈਲੋਸ਼ਿਪ ਵਿਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਸ਼ਾਮਲ ਸਨ।  ਡਾ• ਟਿਵਾਣਾ ਬਾਰੇ ਸਨਮਾਨ ਪੱਤਰ ਪ੍ਰਸਿੱਧ ਨਾਟਕਕਾਰ ਪ੍ਰੋ• ਅਜਮੇਰ ਸਿੰਘ ਔਲਖ ਨੇ ਪੜ੍ਹਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ• ਜੈ ਰੂਪ ਸਿੰਘ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਸ• ਸ• ਜੌਹਲ,  ਪ੍ਰੋ• ਗੁਰਭਜਨ ਸਿੰਘ ਗਿੱਲ ਅਤੇ ਡਾ• ਸੁਖਦੇਵ ਸਿੰਘ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤੇ ਗਏ ਲੇਖਕ ਦਿਲੀਪ ਕੌਰ ਟਿਵਾਣਾ, ਇਕਬਾਲ ਸਿੰਘ ਅਤੇ ਕਰਨੈਲ ਸਿੰਘ ਸੋਮਲ ਦੇ ਨਾਲ ਨਜ਼ਰ ਆ ਰਹੇ ਅਕਾਡਮੀ ਦੇ ਅਹੁਦੇਦਾਰ ਅਤੇ ਪਤਵੰਤੇ ਸੱਜਣ


ਇਸ ਸਮੇਂ ਡਾ• ਕਰਨੈਲ ਸਿੰਘ ਸੋਮਲ ਨੂੰ ਉਨ੍ਹਾਂ ਦੀ ਪੁਸਤਕ ‘ਇਸ ਘੋੜੇ ਦੀਆਂ ਵਾਗਾਂ ਫੜੋ' ਅਤੇ ਇਕਬਾਲ ਸਿੰਘ (ਹਰਿਆਣਾ) ਨੂੰ ‘ਸ਼ੇਰ ਦੀ ਮਾਸੀ' ਲਈ ‘ਮਾਤਾ ਜਸਵੰਤ ਕੌਰ ਮੌਲਿਕ ਸਰਬੋਤਮ ਬਾਲ ਪੁਸਤਕ ਪੁਰਸਕਾਰ' ਭੇਟਾ ਕੀਤੇ ਗਏ। ਇਨ੍ਹਾਂ ਪੁਰਸਕਾਰਾਂ ਵਿਚ ਦਸ ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਭੇਟਾ ਕੀਤਾ ਗਿਆ। ਪ੍ਰੋ• ਪ੍ਰੀਤਮ ਸਿੰਘ ਦੇ ਪਰਿਵਾਰ ਵਲੋਂ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਸਪੁੱਤਰ ਡਾ• ਜੈ ਰੂਪ ਸਿੰਘ, ਨੂੰਹ ਡਾ• ਪੁਸ਼ਪਿੰਦਰ ਜੈਰੂਪ ਸਿੰਘ, ਅਤੇ ਸਪੁੱਤਰੀ ਡਾ• ਹਰਸ਼ਿੰਦਰ ਕੌਰ ਆਪਣੇ ਪਰਿਵਾਰ ਸਮੇਤ ਸਨਾਮਾਨ ਸਮਾਗਮ ਵਿਚ ਪਹੁੰਚੇ।  ਡਾ. ਐਸ. ਪੀ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਡਾ. ਲਾਭ ਸਿੰਘ ਖੀਵਾ ਦੇ ਸੁਝਾਵਾਂ ਦਾ ਸੁਆਗਤ ਕੀਤਾ ਗਿਆ। ਕਰਨੈਲ ਸਿੰਘ ਸੋਮਲ ਬਾਰੇ ਡਾ. ਸਰਬਜੀਤ ਸਿੰਘ ਬੇਦੀ ਅਤੇ ਇਕਬਾਲ ਸਿੰਘ ਬਾਰੇ ਸੁਖਦੇਵ ਮਾਦਪੁਰੀ ਨੇ ਪਰਚੇ ਪੜ੍ਹੇ।

ਜਨਰਲ ਇਜਲਾਸ ਦੇ ਆਰੰਭ ਵਿਚ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਪੂਰੇ ਸਮਾਗਮ ਨੂੰ ਕੌਮੀ ਸੂਰਮੇ ਸ਼ਹੀਦ ਊਧਮ ਸਿੰਘ ਸਮਰਪਿਤ ਕਰਦਿਆਂ ਪੰਜਾਬੀ ਭਵਨ ਵਿਚ ਜੰਗੇ ਆਜ਼ਾਦੀ ਦੇ ਨਾਇਕਾਂ ਦੀਆਂ ਤਸਵੀਰਾਂ ਦੀ ਇੱਕ ਗੈਲਰੀ ਸਥਾਪਿਤ ਕਰਨ ਦਾ ਐਲਾਨ ਕੀਤਾ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ 2010-2011 ਦੀ ਕਾਰਜਕਾਰਨੀ ਦੀ ਰਿਪੋਰਟ ਅਤੇ 2011-2012 ਦਾ ਅਨੁਮਾਨਿਤ ਬਜਟ ਪੇਸ਼ ਕੀਤਾ ਜੋ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਮੌਕੇ ਬਾਰਾਂ ਸਾਲ ਦੇ ਬਾਲ ਲੇਖਕ ਅਜ਼ਲ ਦੁਸਾਂਝ ਨੂੰ ‘ਸੁਪਨੇ ਲੈਂਦੇ ਬੱਚੇ' ਨਾਟ ਪੁਸਤਕ ਲਿਖਣ ਸਦਕਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਆਨਰੇਰੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ।  ਜਨਰਲ ਕਾਉਂਸਲ ਦੀ ਪ੍ਰਧਾਨਗੀ ਗੁਰਭਜਨ ਸਿੰਘ ਗਿੱਲ, ਡਾ. ਐੱਸ. ਐੱਸ. ਜੌਹਲ, ਡਾ. ਸੁਰਜੀਤ ਪਾਤਰ, ਨਰਿੰਜਨ ਤਸਨੀਮ, ਪਿਆਰਾ ਸਿਘ ਭੋਗਲ ਅਤੇ ਮਿੱਤਰ ਸੈਨ ਮੀਤ ਨੇ ਕੀਤੀ।


 ਜਨਰਲ  ਇਜਲਾਸ ਨੂੰ ਡਾ. ਸੁਰਜੀਤ ਪਾਤਰ, ਮਿੱਤਰ ਸੈਨ ਮੀਤ, ਪਿਆਰਾ ਸਿੰਘ ਭੋਗਲ, ਕਰਮਜੀਤ ਸਿੰਘ ਔਜਲਾ, ਸੁਰਿੰਦਰ ਗਿੱਲ, ਲਾਲ ਸਿੰਘ, ਨਰਿੰਜਨ ਤਸਨੀਮ ਆਦਿ ਨੇ ਸੰਬੋਧਨ ਕੀਤਾ। ਜਨਰਲ  ਇਜਲਾਸ ਵਿਚ ਸਰਬਸੰਮਤੀ ਨਾਲ ਪੰਜ ਮਤੇ ਪਾਸ ਕੀਤੇ ਗਏ

1.    ਪਹਿਲੇ ਮਤੇ ਵਿਚ ਪੱਛਮੀ ਬੰਗਾਲ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇ ਕੇ ਪੰਜਾਬੀ ਭਾਈਚਾਰੇ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ 'ਤੇ ਬੰਗਾਲ ਸਰਕਾਰ ਨੂੰ ਵਧਾਈ ਦਿੰਦੀ ਹੈ।

2.    ਦੂਸਰੇ ਮਤੇ ਰਾਹੀਂ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਉਤਰਾਖੰਡ ਦੀਆਂ ਸਰਕਾਰਾਂ ਤੋਂ ਇਨ੍ਹਾਂ ਰਾਜਾਂ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਵਜੋਂ ਮਾਨਤਾ ਦੇ ਕੇ ਇਸ ਨੂੰ ਸਕੂਲਾਂ ਵਿਚ ਪੜ੍ਹਾਉਣ ਦਾ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।

3.    ਤੀਸਰੇ ਮਤੇ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੀ ਧਰਤੀ ਉਪਰ ਬਣਨ ਵਾਲੇ ਹਰ ਸਕੂਲ ਵਿਚ ਪੰਜਾਬੀ ਭਾਸ਼ਾ ਨੂੰ ਦਸਵੀਂ ਜਮਾਤ ਤੱਕ ਪੜ੍ਹਾਇਆ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਪੰਜਾਬੀ ਭਾਸ਼ਾ ਨੂੰ ਪੜ੍ਹਾਉਣ ਲਈ ਸਿੱਖਿਅਤ ਪੰਜਾਬੀ ਅਧਿਆਪਕਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ।

4.    ਚੌਥੇ ਮਤੇ ਵਿਚ ਚੰਡੀਗੜ੍ਹ ਪ੍ਰਸ਼ਾਸਨ ਤੋਂ  ਮੰਗ ਕੀਤੀ ਗਈ ਕਿ ਚੰਡੀਗੜ੍ਹ 'ਤੇ ਪੰਜਾਬੀਆਂ ਦਾ ਜੱਦੀ ਹੱਕ ਹੋਣ ਕਰਕੇ ਇਥੋਂ ਦੀ ਦਫ਼ਤਰੀ ਭਾਸ਼ਾ ਪੰਜਾਬੀ ਐਲਾਨੀ ਜਾਵੇ। ਇਸ ਸਬੰਧੀ ਪੰਜਾਬ ਸਰਕਾਰ ਵੀ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕਾਂ ਨੂੰ ਭੇਜ ਚੁੱਕੀ ਹੈ। ਪੰਜਾਬ ਸਰਕਾਰ ਨੂੰ ਵੀ ਆਪਣੇ ਪਾਸ ਕੀਤੇ ਮਤੇ 'ਤੇ ਸੰਜੀਦਗੀ ਨਾਲ ਇਸ ਪਹਿਲ ਕਦਮੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

5.    ਪੰਜਾਵੇਂ ਮਤੇ ਵਿਚ ਅਕਾਡਮੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਪੰਜਾਬੀ ਅਤੇ ਹੋਰ ਜ਼ਬਾਨਾਂ ਦੇ ਲੇਖਕਾਂ, ਪੱਤਰਕਾਰਾਂ, ਸ਼ਾਇਰਾਂ, ਰੰਗਮੰਚ ਕਲਾਕਾਰਾਂ ਅਤੇ ਕੋਮਲ ਕਲਾਵਾਂ ਨਾਲ ਸਬੰਧਿਤ ਵਰਗਾਂ ਨੂੰ ਗਰੁੱਪ ਬੀਮਾ ਸਕੀਮ ਅਧੀਨ ਲਿਆਂਦਾ ਜਾਵੇ ਤਾਂ ਜੋ ਬੀਮਾਰੀ ਦੀ ਅਵਸਥਾ ਵੇਲੇ ਕਿਸੇ ਨੂੰ ਵੀ ਹੱਥ ਨਾ ਅੱਡਣਾ ਪਵੇ।

      ਜਨਰਲ ਇਜਲਾਸ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਡੇਢ ਸੌ ਤੋਂ ਵੱਧ ਮੈਂਬਰ ਸ਼ਾਮਲ ਹੋਏ ਜਿਨ੍ਹਾਂ ਵਿਚ ਡਾ. ਅਨੂਪ ਸਿੰਘ, ਸੁਸ਼ੀਲ ਦੁਸਾਂਝ, ਡਾ. ਲਾਭ ਸਿੰਘ ਖੀਵਾ, ਡਾ. ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ  ਕੈਲੇ, ਕੁਲਦੀਪ ਸਿੰਘ ਬੇਦੀ, ਡਾ. ਸਰੂਪ ਸਿੰਘ ਅਲੱਗ, ਡਾ• ਸੁਦਰਸ਼ਨ ਗਾਸੋ, ਡਾ• ਨਿਰਮਲ ਜੌੜਾ, ਸੁਰਿੰਦਰ ਰਾਮਪੁਰੀ, ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਡਾ. ਸਰਬਜੀਤ ਸਿੰਘ, ਪ੍ਰੋ• ਰਵਿੰਦਰ ਭੱਠਲ, ਕਰਮ ਸਿੰਘ ਵਕੀਲ, ਡੀ. ਪੀ. ਸਿੰਘ, ਈਸ਼ਵਰ ਸਿੰਘ ਸੋਬਤੀ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੀਤਮ ਪੰਧੇਰ, ਗੁਰਨਾਮ ਕੰਵਰ, ਗਗਨ ਦੀਪ ਸ਼ਰਮਾ, ਗੁਰਪ੍ਰੀਤ ਸਿੰਘ ਨਾਮਧਾਰੀ, ਅਜੀਤ ਪਿਆਸਾ, ਹਰਭਜਨ ਸਿੰਘ ਬਾਜਵਾ, ਪਵਨ ਹਰਚੰਦਪੁਰੀ, ਤਰਲੋਚਨ ਸਿੰਘ ਨਾਟਕਕਾਰ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਹਰਬੀਰ ਸਿੰਘ ਭੰਵਰ, ਕਰਮਜੀਤ ਸਿੰਘ ਔਜਲਾ, ਡਾ. ਬਲਕਾਰ ਸਿੰਘ, ਗੁਰਮੀਤ ਕੜਿਆਲਵੀ, ਸੀ. ਮਾਰਕੰਡਾ, ਗੁਲਜ਼ਾਰ ਸਿੰਘ ਸੌਂਕੀ, ਸਵਰਨਜੀਤ ਕੌਰ ਗਰੇਵਾਲ, ਗੁਰਚਰਨ ਕੌਰ ਕੋਚਰ, ਪਿਆਰਾ ਸਿੰਘ ਭੋਗਲ, ਜਸਦੇਵ ਸਿੰਘ ਧਾਲੀਵਾਲ, ਦਲਬੀਰ ਲੁਧਿਆਣਵੀ, ਡਾ. ਐੱਸ. ਤਰਸੇਮ, ਸਰਦਾਰ ਪੰਛੀ, ਡੀ. ਆਰ. ਧਵਨ, ਨਿਰਮਲ ਅਰਪਣ, ਅਮਰੀਕ ਗਿੱਲ (ਮੁੰਬਈ), ਰਾਜ ਕੁਮਾਰ ਗਰਗ, ਸਤਵੰਤ ਸਿੰਘ ਮਰਵਾਹਾ, ਬਾਬੂ ਸਿੰਘ ਚੌਹਾਨ, ਕੇਵਲ ਕਲੋਟੀ, ਗੁਰਸ਼ਰਨ ਸਿੰਘ ਨਰੂਲਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
11:26 AM | 0 comments

ਮਖੌਟਿਆਂ ਨੂੰ ਬੇਪਰਦ ਕਰਦੀ ਪਰਮਿੰਦਰ ਸਵੈਚ ਦੀ ਕਵਿਤਾ

Written By ਲਫ਼ਜ਼ਾਂ ਦਾ ਸੇਵਾਦਾਰ on Thursday, July 7, 2011 | 2:14 PM

“ਫੈਸਲੇ ਦੀ ਘੜੀ ਆਣ ਪਹੁੰਚੀ ਹੈ
ਨਿਰਣਾ ਤਾਂ ਲੈਣਾ ਪੈਣੇ
ਸੰਘਰਸ਼ਾਂ ਨਾਲ
ਵਿਆਹੁਣੀ ਹੈ ਸੂਹੀ ਮੌਤ,
ਲੋੜ ਹੈ ਉੱਠਣ ਤੇ ਜੂਝਣ ਦੀ
ਉਗਦੇ ਸੂਰਜ ਦੀ ਲਾਲੀ ਦਾ
ਨਿੱਘ ਮਾਨਣ ਦੀ
ਤਾਂ ਕਿ ਚੜ੍ਹਦੇ ਸੂਰਜ ਦੀਆਂ ਕਿਰਣਾਂ
ਮਾਣ ਸਕਣ ਇਨਕਲਾਬ ਦਾ
ਭੱਖਦਾ ਸੇਕ” (ਅੰਤਹਕਰਣ)

ਇਹਨਾਂ ਸਤਰਾਂ ਦੀ ਰਚੇਤਾ ਪਰਮਿੰਦਰ ਸਵੈਚ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਉਸਨੇ ਸਮਾਜਿਕ, ਆਰਥਿਕ, ਰਾਜਨੀਤਿਕ, ਨਾ-ਬਰਾਬਰੀ ਖਿਲਾਫ਼ ਜੂਝਣ ਦੀ ਗੁੜ੍ਹਤੀ ਗ਼ਦਰ ਲਹਿਰ ਵਿੱਚ ਸ਼ਾਮਲ, ਅੰਗਰੇਜ਼ ਹਕੂਮਤ ਨੂੰ ਵੰਗਾਰਨ ਵਾਲੇ ਆਪਣੇ ਦਾਦਾ ਜੀ ਤੋਂ ਲਈ ਤੇ ਉਸਦੇ ਪਿਤਾ ਜੀ ਕਾਮਰੇਡ ਜਗਤਾਰ ਸਿੰਘ ਨੇ ਨਾ ਸਿਰਫ ਜੀਵਨ ਜਾਚ ਹੀ ਸਿਖਾਈ ਸਗੋਂ ਇਸ ਕਾਣੀ ਵੰਡ ਦੇ ਵਰਤਾਰੇ ਦੇ ਖਿਲਾਫ਼ ਜੂਝਣ ਲਈ ਵੀ ਪ੍ਰੇਰਿਆ। ਪ੍ਰਸਿੱਧ ਇਨਕਲਾਬੀ ਕਵੀ ਦਰਸ਼ਨ ਦੁਸਾਂਝ ਦੇ ਕਹਿਣ ਅਨੁਸਾਰ-

“ਮੇਰਾ ਪੇਟ ਹੁੰਦਾ ਨਾ ਰੋਟੀ ਤੋਂ ਖਾਲੀ
ਹੋਰਾਂ ਲਈ ਮਰਨੇ ਦਾ ਜੇਰਾ ਨਾ ਹੁੰਦਾ।
ਕਦੇ ਚੰਗਾ ਲੱਗਦਾ ਨਾ ਸੂਲੀ ਤੇ ਚੜ੍ਹਨਾ,
ਜੇ ਮੰਜ਼ਲ ਤੇ ਖੁਸ਼ਬੂ ਤੇ ਖੇੜਾ ਨਾ ਹੁੰਦਾ”

ਪਰਮਿੰਦਰ ਵੀ ਛੋਟੀ ਕਿਸਾਨੀ ਜੋ ਹੱਡ ਭੰਨਵੀਂ ਮਿਹਨਤ ਦੇ ਬਾਵਜੂਦ ਵੀ ਤੰਗੀਆਂ ਤੁਰਸ਼ੀਆਂ ਸਹਾਰਦੀ ਸੋਚਣ ਲੱਗ ਪਈ ਸੀ ਖੁਸ਼ਬੂ ਤੇ ਖੇੜੇ ਵਾਲੀ ਮੰਜ਼ਲ ਨੂੰ ਪਾਉਣ ਬਾਰੇ। ਕਾਲਜ਼ ਦੇ ਦਿਨਾਂ ਵਿੱਚ ਜਿੱਥੇ ਕੁੜੀਆਂ ਸੁਪਨਮਈ ਸੰਸਾਰ ਵਿੱਚ ਉਡਾਰੀਆਂ ਮਾਰਦੀਆਂ ਫਿਰਦੀਆਂ ਹਨ ਉੱਥੇ ਉਹ ਜੋਸ਼ੀਲੀ, ਨਿਡਰ ਤੇ ਵਿਦਿਆਰਥੀ ਯੂਨੀਅਨ ਦੀ ਸਰਗਰਮ ਵਰਕਰ ਬਣ ਸਾਥਣਾਂ ਨੂੰ ਜਾਗਰਿਤ ਕਰ ਰਹੀ ਸੀ। ਉਹ ਇੱਕ ਕਵਿਤਾ ਲੇਖਿਕਾ, ਨਾਟਕਕਾਰ ਤੇ ਵਧੀਆ ਅਦਾਕਾਰਾ ਹੈ। ਮੇਰੀ ਉਸ ਨਾਲ ਪਹਿਚਾਣ ਤਰਕਸ਼ੀਲ ਸੁਸਾਇਟੀ ਦੀ ਸਟੇਜ਼ ਤੇ ਹੋਈ ਜਦੋਂ ਉਹ ਨਾਟਕ ਕਰ ਰਹੀ ਸੀ। ਪਰਮਿੰਦਰ ਦੀ ਪਹਿਚਾਣ ਬਣਾਉਣ ਵਿੱਚ ਤਰਕਸ਼ੀਲ ਸੁਸਾਇਟੀ ਕੈਨੇਡਾ ਨੇ ਤੇ ਤਰਕਸ਼ੀਲ ਸੁਸਾਇਟੀ ਦੀ ਪਹਿਚਾਣ ਬਣਾਉਣ ਵਿੱਚ ਉਸਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਹ ਹਰ ਇਨਕਲਾਬੀ ਤੇ ਅਗਾਂਹਵਧੂ ਕਾਰਜ ਵਿੱਚ ਅੱਗੇ ਹੋ ਕੇ ਭਾਗ ਲੈਂਦੀ ਹੈ, ਉਹ ਇਸ ਲੋਕ ਦੋਖੀ ਨਿਜ਼ਾਮ ਨੂੰ ਮੁੱਢੋਂ-ਸੁੱਢੋਂ ਹੀ ਬਦਲ ਇੱਕ ਨਰੋਇਆ ਤੇ ਲੋਕ ਪੱਖੀ ਸਮਾਜ ਚਾਹੁੰਦੀ ਹੈ ਜੋ ਉਸ ਦੀ ਸਮੁੱਚੀ ਕਵਿਤਾ ਵਿੱਚ ਸਾਫ਼ ਝਲਕਦਾ ਹੈ। ਉਸ ਨੇ ਆਪਣੀ ਕਵਿਤਾ ਵਿੱਚ ਬਹੁਤ ਹੀ ਭਾਵਪੂਰਤ ਵਿਸ਼ੇ ਲਏ ਹਨ। ਜਿਵੇਂ ਔਰਤ ਬਾਰੇ, ਧਾਰਮਿਕ ਪਖੰਡਵਾਦ ਬਾਰੇ, ਅੰਧ ਵਿਸ਼ਵਾਸ ਬਾਰੇ, ਸਮਾਜਿਕ ਰਿਸ਼ਤਿਆਂ ਬਾਰੇ, ਰਾਜਨੀਤੀ ਦੇ ਕੋਝੇ ਵਰਤਾਰੇ ਬਾਰੇ, ਨਸਲਵਾਦ, ਜੰਗ ਤੇ ਅਮਨ ਬਾਰੇ। ਜਿੱਥੇ ਉਹ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸਮੱਸਿਆਵਾਂ ਬਾਰੇ ਸਮਝ ਰੱਖਦੀ ਹੈ ਉੱਥੇ ਉਹ ਬੜੀ ਹੀ ਜੁਅਰਤ ਤੇ ਦਲੇਰੀ ਨਾਲ ਉਹਨਾਂ ਖਿਲਾਫ਼ ਲਿਖਦੀ ਲੋਕ ਲਹਿਰ ਬਣਾਉਣਾ ਲੋਚਦੀ ਹੈ। ਉਸਦੀ ਕਵਿਤਾ ਵਿੱਚ ਆਦਰਸ਼ਵਾਦ ਵੀ ਕਾਫੀ ਭਾਰੂ ਹੈ।

ਪੰਜਾਬੀ ਵਿੱਚ ਬਹੁਤ ਸਾਰਾ ਸਾਹਿਤ ਰਚਿਆ ਜਾ ਰਿਹਾ ਹੈ ਜੋ ਔਰਤ ਮਰਦ ਦੇ ਰਿਸ਼ਤਿਆਂ ਮਿਲਣ-ਵਿਛੜਨ, ਤਾਹਨਿਆਂ-ਮਿਹਣਿਆਂ ਵਿਚਾਲੇ ਹੀ ਘੁੰਮਦਾ ਹੈ ਪਰ ਇਸ ਨੇ ਨਿੱਜ ਤੋਂ ਉੱਪਰ ਉੱਠ ਕੇ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਬੁਰਾਈਆਂ ਤੇ ਉਂਗਲ ਰੱਖੀ ਹੈ। ਉਹ ਆਪਣੀ ਵਿਅੰਗਆਤਮਕ ਕਵਿਤਾ ਰਾਹੀਂ ਲੋਕਾਂ ਦੀ ਸੁੱਤੀ ਸੋਚ ਨੂੰ ਜਗਾਉਣ ਦੀ ਕੋਸ਼ਿਸ਼ ਵਿੱਚ ਹੈ। ਜੋ ਮੀਡੀਏ ਰਾਹੀਂ ਗੀਤਾਂ, ਕਵਿਤਾਵਾਂ ਵਿੱਚ ਔਰਤ ਨੂੰ ਸ਼ਰਾਬ ਨਾਲ ਤੁਲਣਾ ਕਰਕੇ ਪ੍ਰਚਾਰਿਆ ਜਾਂਦਾ ਹੈ, ਉਹ ਉਸਨੂੰ ਰਿਸ਼ਤਿਆਂ ਦੀ ਜ਼ਿੰਦਗੀ ਦਾ ਅੰਤ ਕਹਿੰਦੀ ਹੈ। ਔਰਤ ਜੋ ਸਦੀਆਂ ਤੋਂ ਗ਼ੁਲਾਮ ਰਹੀ ਹੈ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਕੰਮ ਕਾਜੀ ਜਾਂ ਘਰ ਦੀ ਚਾਰ ਦਿਵਾਰੀ ਵਿੱਚ ਰਹਿ ਜੁੰਮੇਵਾਰੀਆਂ ਨਿਭਾਉਂਦੀ ਹੋਵੇ, ਉਸਦੀ ਦੁਰਦਸ਼ਾ ਹੀ ਬਿਆਨ ਨਹੀਂ ਕੀਤੀ ਸਗੋਂ ਉਸਨੂੰ ਅਖੌਤੀ ਅਜ਼ਾਦੀ ਦੀ ਸੱਚਾਈ ਦਿਖਾਉਦਿਆਂ ਮਾਨਸਿਕ ਅਜ਼ਾਦੀ ਤੋਂ ਬਿਨ੍ਹਾਂ ਬਾਕੀ ਆਜ਼ਾਦੀ ਛਲ਼ ਕਪਟ ਹੈ। ਉਹ ਔਰਤ ਨੂੰ ਦਿਸ਼ਾ ਵੀ ਦਿਖਾਉਂਦੀ ਹੈ ਤੇ ਵਿਅੰਗ ਵੀ ਕਰਦੀ ਹੈ।

“ਉਹ ਅਜ਼ਾਦ ਹੈ,

ਪੂੰਜੀਪਤੀਆਂ ਦੇ ਬਿਜ਼ਨਸਾਂ ਦੇ ਵਾਧੇ ਦੀ
ਮਸ਼ਹੂਰੀ ਦੇ ਵਿਉਪਾਰ ਲਈ,
ਦਫ਼ਤਰ ਦੇ ਕਾਊਂਟਰ ਤੇ ਬੈਠ ਕੇ
ਗਾਹਕਾਂ ਨੂੰ ਝੂਠੀ ਮੁਸਕਰਾਹਟ ਦੇਣ ਲਈ”। (ਉਹ ਅਜ਼ਾਦ ਹੈ)

“ਉਹ ਤਾਂ ਇਸ ਨੂੰ ਆਪਣੀ
ਕਸਵੱਟੀ ਤੇ ਪਰਖਣਗੇ
ਤੇ ਆਖਣਗੇ ਇਹ ਦੁੱਖਾਂ ਸੁੱਖਾਂ ਦੀ ਸਾਥੀ ਨਹੀਂ
ਇਹ ਤਾਂ ਮਿਲਵੇਂ ਜੁਲਵੇਂ
ਰਿਸ਼ਤਿਆਂ ਦੀ ਜ਼ਿੰਦਗੀ ਦਾ ਹੈ ਅੰਤ”। (ਸ਼ਰਾਬ)

“ਤੋੜੋ ਇਹ ਰਸਮਾਂ ਰਿਵਾਜਾਂ
ਜਿਨ੍ਹਾਂ ਮੈਨੂੰ ਥੱਲੇ ਲਾਇਆ
ਹੱਕ ਤਾਂ ਖੋਹ ਕੇ ਲੈਣੇ ਪੈਣੇ
ਦਾਨ ਕਰੇ ਨਾ ਕੋਈ”। (ਔਰਤ)

ਉਹ ਸਾਹਿਤਕਾਰ ਦੀ ਕਲਮ ਨੂੰ ਝੰਜੋੜਦੀ ਹੋਈ ਹਥਿਆਰ ਬਣ ਮਨੁੱਖੀ ਹੱਕਾਂ ਦੀ ਰਾਖੀ ਲਈ ਲੜਨ ਲਈ ਪ੍ਰੇਰਦੀ ਹੈ।

“ਹੋਰ ਲਿਖ, ਮਿੱਲਾਂ ‘ਚ ਕੰਮ ਕਰਦੇ
ਮਜ਼ਦੂਰਾਂ ਦੇ ਮੁੜ੍ਹਕੇ ਬਾਰੇ
ਜਿਹੜੇ ਮਸ਼ੀਨਾਂ ਦੇ ਪੁਰਜਿਆਂ ਨਾਲ
ਪੁਰਜੇ ਬਣ ਕੇ ਹੋ ਜਾਦੇ ਨੇ
ਬੋਲ਼ੇ, ਅੰਨ੍ਹੇ ਤੇ ਲੂਲ੍ਹੇ
ਬਾਰੇ ਲਿਖ” । (ਸਾਹਿਤਕਾਰ)

ਭਾਵੇਂ ਇਹ ਪ੍ਰਚਾਰਿਆ ਜਾ ਰਿਹਾ ਹੈ, “ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਨਾ” ਜਾਂ ਧਰਮ ਮਨੁੱਖ ਨੂੰ ਚੰਗਾ ਇਨਸਾਨ ਬਣਾਉਂਦੇ ਹਨ, ਪਰ ਅਸਲੀਅਤ ਵਿੱਚ ਇਹਨਾਂ ਗੱਲਾਂ ਤੋਂ ਦੂਰ ਹੋ ਕੇ ਧਰਮ ਦੇ ਠੇਕੇਦਾਰਾਂ ਨੇ ਧਾਰਮਿਕ ਪਖੰਡਵਾਦ ਨੂੰ ਵਧਾਵਾ ਦੇ ਕੇ ਮਨੁੱਖ ਵਿੱਚ ਵੰਡੀਆਂ ਪਾ ਕੇ ਮਨੁੱਖਤਾ ਦਾ ਘਾਣ ਹੀ ਕੀਤਾ ਹੈ। ਮੀਡੀਆ ਵਲੋਂ ਰੇਡਿਉ, ਅਖ਼ਬਾਰਾਂ ਤੇ ਟੈਲੀਵਿਯਨਾਂ ਰਾਹੀਂ ਨਾਟਕਾਂ, ਸ਼ੋਆਂ, ਐਡਵਰਟਾਈਜ਼ਾਂ ਰਾਹੀਂ ਅੰਧ ਵਿਸ਼ਵਾਸ ਤੇ ਕਰਮ ਕਾਡਾਂ ਦਾ ਧੜਾਧੜ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਸਰਕਾਰਾਂ ਦੀ ਸੋਚੀ ਸਮਝੀ ਚਾਲ ਹੈ। ਉਹ ਚਾਹੁੰਦੀਆਂ ਹਨ ਕਿ ਲੋਕ ਭੂਤਾਂ-ਪ੍ਰੇਤਾਂ, ਜਾਦੂ-ਟੂਣਿਆਂ, ਕਿਸਮਤ ਵਾਦ ਦੇ ਚੱਕਰਾਂ ਵਿੱਚ ਉਲਝੇ ਰਹਿਣ, ਕਦੇ ਵੀ ਜਾਣ ਨਾ ਸਕਣ ਆਪਣੀ ਮੰਦਹਾਲੀ ਦਾ ਕਾਰਣ। ਪਰਮਿੰਦਰ ਨੇ ਨਾ ਸਿਰਫ਼ ਆਪ ਹੀ ਇਹੋ ਜਿਹੇ ਦਕੀਆ ਨੂਸੀ ਵਿਚਾਰਾਂ ਨੂੰ ਤਿਲਾਂਜ਼ਲੀ ਦਿੱਤੀ ਹੈ, ਸਗੋਂ ਉਹ ਤਰਕਸ਼ੀਲਤਾ ਦਾ ਪ੍ਰਚਾਰ ਕਰਕੇ ਭੋਲ਼ੇ-ਭਾਲ਼ੇ ਲੋਕਾਂ ਨੂੰ ਵੀ ਸੁਚੇਤ ਕਰ ਰਹੀ ਹੈ। ਕਈ ਵਾਰੀ ਹਨ੍ਹੇਰੇ ਦੇ ਵਣਜਾਰਿਆ ਵਲੋਂ ਥਿੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਨਿਰੰਤਰ , ਨਿਧੜਕ ਵਿਗਿਆਨਕ ਸੋਚ ਦਾ ਹੋਕਾ ਦੇ ਰਹੀ ਹੈ। ਬਾਬਰ ਨੂੰ ਜਾਬਰ ਕਹਿਣ ਵਾਲੇ ਇਨਕਲਾਬੀ ਤੇ ਤਰਕਸ਼ੀਲ ਗੁਰੁ ਨਾਨਕ ਦੇਵ ਜੀ ਜਿਨ੍ਹਾਂ ਨੇ ਮਲਿਕ ਭਾਗੋਆਂ ਖਿਲਾਫ਼ ਖੜ੍ਹ ਭਾਈ ਲਾਲੋਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਤੇ ਔਰਤ ਨੂੰ ਬਰਾਬਰ ਦਾ ਦਰਜ਼ਾ ਦਿੱਤਾ ਬਾਰੇ ਆਪਣੀ ਕਵਿਤਾ ਵਿੱਚ ਇਸ ਲੋੜ ਤੇ ਜ਼ੋਰ ਦਿੰਦੀ ਹੈ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਸਲੀਅਤ ਵਿੱਚ ਅਪਣਾਇਆ ਜਾਵੇ।

“ਆਓ! ਬਾਬੇ ਨੂੰ ਦੇਵਤਾ ਨਾ ਬਣਾਈਏ
ਨਾ ਕਰੀਏ ਗੁਰਦਆਰਿਆਂ ਵਿੱਚ ਕੈਦ
ਕਿਉਕਿ ਸਮਾਜ ਨੂੰ ਹੁਣ ਦੇਵਤਿਆਂ ਨਹੀਂ
ਲੋੜ ਹੈ ਕਰਾਂਤੀ ਕਾਰੀ ਜੁਝਾਰੂਆਂ ਦੀ
ਜੋ ਭਟਕਿਆ ਨੂੰ ਰਾਹ ਦੱਸਣ”। (ਉਦੋਂ ਤੇ ਹੁਣ)

“ਦਿੱਲੀ ਦੰਗਿਆਂ ਵੇਲੇ
ਰਾਮ ਸਿੰਘ ਲਈ ਧਰਮ
ਉਸਦੇ ਗਲ਼ ਵਿੱਚ ਮੱਚਦਾ ਟਾਇਰ ਸੀ
ਹਿੰਦੂਆਂ ਲਈ ਧਰਮ
ਬੱਸ ਰੁਕਣ ਤੇ ਲਾਈਨ ਵਿੱਚ ਲੱਗਕੇ
ਇਕੱਠਿਆਂ ਕਤਲ ਹੋਣਾ ਸੀ”। (ਧਰਮ ਦੇ ਅਰਥ)

“ਉਹ ਭੁੱਲ ਜਾਂਦੀ ਹੈ
ਚੌਰਾਸੀ ਲੱਖ ਜੂਨਾਂ ਦਾ ਵੇਰਵਾ
ਜੋ ਲਿਖਿਆ ਹੈ ਧਾਰਮਿਕ ਗ੍ਰੰਥਾਂ ਵਿੱਚ।
ਉਹ ਨਹੀਂ ਬਣਦੇ
ਕਾਂ- ਕੁੱਤੇ, ਗਧੇ ਤੇ ਖੋਤੇ
ਨਾ ਹੀ ਗੋਰੇ ਤੇ ਕਾਲੇ

ਨਾ ਬੋਲਦੇ ਹਨ
ਫਰੈਂਚ, ਚੀਨੀ ਜਾਂ ਜਪਾਨੀ
ਬੋਲਦੇ ਹਨ ਇੱਕੋ ਭਾਸ਼ਾ ਹਿੰਦੀ
ਜੋ ਫਿੱਟ ਆਉਂਦੀ ਹੈ
ਟੀ. ਵੀ. ਦੇ ਚੈਨਲ ਲਈ”। (ਰਾਜ਼ ਪਿਛਲੇ ਜਨਮ ਦਾ)

“ਕਰਦੀਆਂ ਨੇ ਸਰਕਾਰਾਂ ਹਮੇਸ਼ਾਂ
ਪੈਰ੍ਹਵੀ ਇਨ੍ਹਾਂ ਦੀ ਕਿਉਂਕਿ
ਲੋਕ ਉਲਝੇ ਰਣ ਟੂਣੇ, ਟਾਮਣਾਂ ਤੇ
ਕਿਸਮਤ ਦੇ ਚੱਕਰਾਂ ਵਿੱਚ”। (ਅੰਧ ਵਿਸ਼ਵਾਸ)

“ਉਹ ਕਸੂਰਵਾਰ ਕਹਿੰਦੇ ਨੇ ਮੈਂਨੂੰ
ਕਿਉਂਕਿ ਮੇਰੀ ਬੁੱਕਲ ਵਿੱਚ ਸੱਚ ਦਾ ਚਾਨਣ ਹੈ
ਮੈਂ ਹਨੇਰੇ ਅਹਿਮ ਨਹੀਂ ਸਮਝੇ
ਹਨ੍ਹੇਰਿਆਂ ਤੋਂ ਬਾਅਦ ਚਾਨਣ ਦੀ ਕੀਤੀ ਹੈ ਉਡੀਕ।
ਉਹ ਭੰਡਦੇ ਨੇ ਨਾਸਤਿਕ ਤੇ ਅਧਰਮੀ ਕਹਿ
ਕਿਉਂਕਿ ਮੈਂ ਮਾਨਵਤਾ ਨੂੰ ਕਹਿ ਦਿੱਤਾ ਹੈ ਮੇਰਾ ਧਰਮ” (ਵਿਸ਼ਵਾਸ)

ਪਰਮਿੰਦਰ ਆਪਣੀ ਕਵਿਤਾ ਵਿੱਚ ਰਾਜਨੀਤੀ ਦੇ ਕੋਝੇਪਣ ਨੂੰ ਨੰਗਾ ਕਰਦੀ ਹੋਈ ਸਵਾਲ ਖੜ੍ਹਾ ਕਰਦੀ ਹੈ ਕਿ ਅਖੌਤੀ ਅਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਭੁੱਖਮਰੀ, ਗ਼ਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਮਰਵੇਲ ਵਾਂਗ ਵੱਧ ਰਹੀ ਹੈ। ਹੱਕ ਮੰਗਦੇ ਲੋਕਾਂ ਨੂੰ ਚਿੱਟੇ ਦਿਨ ਹੀ ਕੋਹ-ਕੋਹ ਕੇ ਮਾਰਿਆ ਜਾ ਰਿਹਾ ਹੈ। ਸਰਕਾਰ ਲੋਕ ਲਹਿਰਾਂ ਨੂੰ ਕੁਚਲਣ ਲਈ ਆਪਣੇ ਹੀ ਲੋਕਾਂ ਨਾਲ ਗੈਰ ਮਨੁੱਖੀ ਵਤੀਰਾ ਕਰ ਰਹੀ ਹੈ। ਪਰਮਿੰਦਰ ਲੋਕਾਂ ਨੂੰ ਧੋਖਾ ਦੇ ਰਹੇ ਬੁੱਕਲ ਦੇ ਸੱਪਾਂ ਬਾਰੇ ਵੀ ਸੁਚੇਤ ਕਰਦੀ ਹੈ ਜੋ ਹਮਸਫ਼ਰ ਬਣ ਲੋਕਾਂ ਨੂੰ ਉਹਨਾਂ ਦੀ ਮੰਜ਼ਲ ਤੋਂ ਭਟਕਾ ਰਹੇ ਹਨ, ਪਰ ਉਸਨੂੰ ਪੂਰੀ ਆਸ ਹੈ ਕਿ ਹੱਕ ਸੱਚ, ਇਨਸਾਫ਼ ਲਈ ਤੁਰੇ ਲੋਕ ਇੱਕ ਨਾ ਇੱਕ ਦਿਨ ਆਪਣੀ ਮੰਜ਼ਲ ਜਰੂਰ ਪਾਉਣਗੇ।

“ਅਸੀਂ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ
ਨਹੀਂ ਡਰਦੇ ਉਹਨਾਂ ਸੱਪਾਂ ਤੋਂ
ਜੋ ਫਨ ਫੈਲਾ ਖੜੇ ਨੇ
ਘੇਰਾ ਬੰਨੀਂ ਚੁਫੇਰੇ
ਘੜਦੇ ਨੇ ਨਿੱਤ ਨਵੀਆਂ ਚਾਲਾਂ
ਦਬਾਉਣ ਲਈ
ਚੁੱਪ ਕਰਾਉਣ ਲਈ
ਬੰਦੀ ਬਣਾਉਣ ਲਈ
ਸਾਨੂੰ ਤਾਂ ਖੌਫ ਹੈ
ਬੁੱਕਲ ਦੇ ਸੱਪਾਂ ਦਾ
ਸਾਡੀ ਹੀ ਕਿਸ਼ਤੀ ਦੇ ਮਲਾਹਾਂ ਦਾ
ਜੋ ਡਬੋਣਾ ਚਾਹੁੰਦੇ ਨੇ
ਲਾਲ ਝੰਡੇ ਦੀ ਆੜ ਥੱਲੇ”। (ਬੁੱਕਲ ਦੇ ਸੱਪ)

“ਤੋੜਕੇ ਪਰ ਪਰਿੰਦਿਆਂ ਦੇ
ਹੰਢੇ ਸ਼ਿਕਾਰੀ ਬਣਦੇ ਹੋ
ਫਲੂਹਾ ਘਰ ਵਿੱਚ ਸੁੱਟ ਕੇ ਹੀ
ਬਿਗਾਨਿਆਂ ਦੇ ਹਿਤਕਾਰੀ ਬਣਦੇ ਹੋ” (ਜੰਗਲ ਦੇ ਵਾਸੀ)

“ਨਹੀਂ ਤਾਂ ਕੀ ਲੋੜ ਸੀ
ਐਹੋ ਜਿਹੇ ਲੋਕਰਾਜ ਵਿੱਚ
ਅਪਰੇਸ਼ਨ ਗਰੀਨ ਹੰਟ,
ਕੋਬਰਾ ਜਾਂ ਚਿੱਲੀ ਬੰਬਾਂ ਦੀ”। (ਲੋਕਤੰਤਰ)

“ਅਣਖੀਲੇ ਖੂੰਨ ਦੇ ਕਤਰਿਆਂ ਚੋਂ
ਫਿਰ ਹਜ਼ਾਰਾਂ ਸੁਕਰਾਤ ਹੋ ਜਾਂਦੇ ਨੇ ਪੈਦਾ
ਜਿਹੜੇ ਉਹੀਓ ਗੱਲ ਕਰਦੇ ਨੇ ਜਿਹੜੀ
ਕੀਤੀ ਸੀ ਉਹਨਾਂ ਦੇ ਦਾਦੇ ਪੜਦਾਦਿਆਂ ਨੇ”। (ਇਨਸਾਫ਼)

ਪਰਮਿੰਦਰ ਆਪਣੀ ਕਵਿਤਾ ਰਾਹੀਂ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸਮੱਸਿਆਵਾਂ ਨੂੰ ਪੇਸ਼ ਕਰਦੀ ਹੈ ਜਿੱਥੇ ਉਹ ਪੰਜਾਬ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ ਉੱਥੇ ਉਹ ਜਾਤਾਂ ਧਰਮਾਂ ਰੰਗਾਂ ਨਸਲਾਂ ਦੇ ਨਾਂ ਤੇ ਹੋ ਰਹੇ ਵਿਤਕਰੇ ਨੂੰ ਵੀ ਬਹੁਤ ਸੋਹਣੇ ਢੰਗ ਨਾਲ ਬਿਆਨ ਕਰਦੀ ਹੈ। ਉਹ ਸਾਮਰਾਜਵਾਦ ਦੀਆਂ ਕੌਝੀਆਂ ਚਾਲਾਂ, ਜੋ ਮਨੁੱਖੀ ਹੱਕਾਂ ਦਾ ਝੰਡਾ ਬਰਦਾਰ ਬਣ ਅਮਨ ਤੇ ਸ਼ਾਂਤੀ ਦੀਆਂ ਗੱਲਾਂ ਕਰਦਾ ਨਹੀਂ ਥੱਕਦਾ, ਪਰ ਆਪ ਦੂਸਰੇ ਦੇਸ਼ਾਂ ਦੇ ਕੁਦਰਤੀ ਸੋਮੇ ਤੇ ਤੇਲ ਦੇ ਭੰਡਾਰ ਖੋਹਣ ਲਈ ਕਿਸ ਹੱਦ ਤੱਕ ਜਾਂਦਾ ਹੈ, ਦੇ ਮਖੌਟੇ ਨੂੰ ਆਪਣੀ ਕਵਿਤਾ ਰਾਹੀਂ ਬੇਪਰਦ ਕਰਦੀ ਹੈ।

“ਪੰਜਾਬ ਦੇ ਮਿੱਠੇ ਪਾਣੀ ਤਾਂ
ਬਣ ਚੁੱਕੇ ਹਨ ਮਹੁਰਾ
ਜਿਸ ਵਿੱਚ ਪਲ਼ਦੀ ਹੈ
ਬਿਮਾਰ ਤੇ ਨਿਰਬਲ ਜ਼ਿੰਦਗੀ
ਰੀਂਗਦੇ ਤੇ ਮਰ ਜਾਂਦੇ ਨੇ
ਸੈਂਕੜੇ ਹੀ ਕੈਂਸਰ ਤੇ ਹੈਜ਼ੇ ਦੇ ਪੀੜਤ”। (ਪੰਜਾਬ)

“ਕਿਵੇਂ ਦੱਸਾਂ?
ਇਸ ਬਹੁਸਭਿਅਕ ਦੇਸ਼ ਵਿੱਚ
ਤੇਰੀ ਦਿੱਤੀ ਪਛਾਣ ਮਾਂ
ਬਣ ਗਈ ਹੈ ਜ਼ਿੰਦਗੀ ਦੀ ਅੜਚਣ
ਮੇਰਾ ਰੰਗਦਾਰ ਹੋਣਾ

ਬਣ ਗਿਆ ਹੈ ਨਸਲਵਾਦ ਦਾ ਸਵਾਲ”। (ਪਛਾਣ)

“ਜੰਗ ਚਾਹੇ ਅਫ਼ਗਾਨ,
ਇਰਾਕ, ਵੀਅਤਨਾਮ, ਫਲਿਸਤੀਨ
ਜਾਂ ਆਦਿਵਾਸੀਆਂ ਦੀ ਹੋਵੇ
ਆਹੂਤੀ ਤਾਂ ਦਿੰਦੇ ਹਨ
ਲਵੀ ਉਮਰੇ ਫੌਜੀ”। (ਔਜ਼ਾਰ)

“ਜਦੋਂ “ਸ਼ਾਤੀ” ਦਾ ਧੂ-ਤੂ ਉਠਾ ਕੇ
ਪਹੁੰਚਦਾ ਹੈ ਦੂਸਰੇ ਦੇਸ਼ਾਂ ਦੀਆਂ ਹੱਦਾਂ ਵਿੱਚ
ਤਾਂ ਬਰੂਦ, ਬੰਬਾਂ ਤੇ
ਟੈਂਕਾਂ ਨਾਲ ਲੈਸ ਹੋ ਕੇ
ਦਿੰਦਾ ਹੈ ਗਵਾਹੀ ਅਮਨ ਦੀ”? (ਮਖੌਟਿਆਂ ਦੇ ਆਰ ਪਾਰ)

ਪਰਮਿੰਦਰ ਆਪਣੀ ਕਵਿਤਾ ਰਾਹੀਂ ਭੋਲ਼ੇ ਭਾਲ਼ੇ ਲੋਕਾਂ ਨੂੰ ਦੱਸਦੀ ਹੈ ਕਿ ਪੱਗਾਂ, ਬਾਣਿਆਂ ਤੇ ਰਾਜਨੀਤਿਕ ਦਲਾਂ ਦੇ ਬਦਲਣ ਨਾਲ ਕੁਝ ਨਹੀਂ ਬਦਲੇਗਾ। ਸਗੋਂ ਉਦੋਂ ਬਦਲੇਗਾ-


“ਜਿਸ ਦਿਨ ਤੁਸੀਂ ਆਪ ਕਰੋਗੇ,
ਕਲਪਣਾ ਤੋਂ ਹਕੀਕਤ ਦਾ ਸਫ਼ਰ
ਭਰਮ ਭੁਲੇਖਿਆਂ ਤੋਂ ਸੱਚਾਈ ਦਾ ਸਫ਼ਰ
ਭੱਠ ਪਏ ਲੋਹੇ ਤੋਂ ਹਥੌੜੇ ਦਾ ਸਫ਼ਰ
ਕੁੱਲੀਆਂ ਤੋਂ ਮਹਿਲਾਂ ਦਾ ਸਫ਼ਰ
ਕੱਖਾਂ ਕਾਨਿਆਂ ਤੋਂ ਇੱਟਾਂ ਦਾ ਸਫ਼ਰ
ਬੇਹੇ ਟੁੱਕਰਾਂ ਤੋਂ ਸ਼ਾਹੀ ਖਾਣਿਆਂ ਦਾ ਸਫ਼ਰ”। (ਟਾਈਮ ਫਾਰ ਚੇਂਜ਼)

ਆਦਰਸ਼ਵਾਦ ਪਰਮਿੰਦਰ ਦੀ ਕਵਿਤਾ ਦਾ ਮੁੱਖ ਵਿਸ਼ਾ ਹੈ, ਉਸਦੀ ਬੋਲੀ ਠੇਠ ਪੰਜਾਬੀ, ਭਾਸ਼ਾ ਸਾਦਾ-ਸਰਲ ਤੇ ਮਾਲਵੇ ਦੇ ਪੇਡੂ ਜੀਵਨ ਤੋਂ ਪ੍ਰਭਾਵਤ ਹੈ। ਸਾਹਿਤ ਪੱਖੋਂ ਭਾਵੇਂ ਇਸ ਕਿਤਾਬ ਵਿੱਚ ਕੁਝ ਕਮੀਆਂ ਰਹਿ ਗਈਆਂ ਹੋਣ ਪਰ ਚੰਗੇ ਵਿਸ਼ਿਆਂ ਦੀ ਚੋਣ ਪੱਖੋਂ ਇੱਕ ਵਧੀਆ ਉੱਦਮ ਹੈ। ਜੋ ਉਹ ਕਹਿਣਾ ਚਾਹੁੰਦੀ ਹੈ ਡੰਕੇ ਦੀ ਚੋਟ ਤੇ ਨਿਧੜਕ ਹੋ ਕੇ ਕਹਿੰਦੀ ਹੈ। ਪਰਮਿੰਦਰ ਇੱਕ ਆਦਰਸ਼ ਮਾਂ, ਚੰਗੀ ਪਤਨੀ ਤੇ ਮਿਲਾਪੜੀ ਦੋਸਤ ਤੇ ਇੱਕ ਵਧੀਆ ਵਰਕਰ ਹੈ। ਦੁਨੀਆਂ ਦੇ ਚੌਤਰਫੇ ਵਿਸ਼ਵ ਵਿਆਪੀ ਆਰਥਿਕ, ਰਾਜਨੀਤਿਕ, ਸੈਨਿਕ, ਸਭਿਆਚਾਰਕ ਹਮਲੇ ਜੋ ਦੁਨੀਆਂ ਦੇ ਮਿਹਨਤਕਸ਼ ਲੋਕ ਹੰਢਾ ਰਹੇ ਹਨ, ਉਹਨਾਂ ਬਾਰੇ ਸੋਝੀ ਰੱਖਣਾ ਆਮ ਵਿਅਕਤੀ ਦੀ ਨਹੀਂ ਸਗੋਂ ਪਰਮਿੰਦਰ ਵਰਗੀ ਬਹੁ ਪੱਖੀ ਸਖਸ਼ੀਅਤ ਦੀ ਪਹੁੰਚ ਹੀ ਹੋ ਸਕਦੀ ਹੈ। ਮੈਨੂੰ ਇਹ ਉਮੀਦ ਹੀ ਨਹੀਂ ਸਗੋਂ ਯਕੀਨ ਹੈ ਕਿ ਪਰਮਿੰਦਰ ਦੀ ਕਲਮ ਉਦੋਂ ਤੱਕ ਲਿਖਦੀ ਰਹੇਗੀ ਜਦੋਂ ਤੱਕ ਮਿਹਨਤਕਸ਼ਾਂ ਦੇ ਸੁਪਨਿਆਂ ਦਾ ਸੰਸਾਰ ਨਹੀਂ ਸਿਰਜਿਆ ਜਾਂਦਾ। ਮੈਂ ਉਸਦੇ ਪਲੇਠੇ ਕਾਵਿ ਸੰਗ੍ਰਹਿ ਨੂੰ ਦਿਲ ਦੀਆਂ ਗਹਿਰਾਇਆਂ ਤੋਂ ਮੁਬਾਰਕਬਾਦ ਦਿੰਦੀ ਹੋਈ ਆਸ ਕਰਦੀ ਹਾਂ ਕਿ ਪੰਜਾਬੀ ਸਾਹਿਤ ਵਿੱਚ ਇਸਦਾ ਵਿਸ਼ੇਸ਼ ਥਾਂ ਹੋਵੇਗਾ।

-ਜਸਵੀਰ ਮੰਗੂਵਾਲ
2:14 PM | 0 comments

ਸ਼ਿਵ ਦੀ ਕਵਿਤਾ ਵਿੱਚ ਬਿਰਹਾ: ਅਕਾਸ਼ ਦੀਪ ‘ਭੀਖੀ’ ਪ੍ਰੀਤ

Written By ਲਫ਼ਜ਼ਾਂ ਦਾ ਸੇਵਾਦਾਰ on Thursday, June 30, 2011 | 1:40 PM

ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾਂ ਹੈ । ਮਹਾਨ ਪੰਜਾਬੀ ਵਿਦਵਾਨ ਡਾ.ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ, “ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਹੀ ਸੀ, ਪ੍ਰੰਤੂ ਇਹ ਗੱਲ ਨਿਰਸੰਦੇਹ ਕਹੀ ਜਾ ਸਕਦੀ ਹੈ ਕਿ ਉਸਦੇ ਇਹਨਾਂ 10 ਸਾਲਾਂ ਦੀ ਕਾਵਿ ਰਚਨਾ ਪੂਰੇ ਯੁੱਗ ਦੀ ਦੇਣ ਹੈ ਤੇ ਉਹ ਫਿਰ ਭਾਵੇਂ ਗੁਣਨਾਤਮਕ ਪੱਖ ਤੋਂ ਹੋਵੇ ਜਾਂ ਗਿਣਨਾਤਮਕ ਪੱਖ ਤੋਂ’’। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚੋਂ ਅਸੀਂ ਕਈ ਵਿਸ਼ਿਆਂ ਨੂੰ ਅਧਾਰ ਬਣਾਕੇ ਗੱਲ ਕਰ ਸਕਦੇ ਹਾਂ, ਪਰ ਇੱਥੇ ਮੈ ਉਸਦੀ ਕਵਿਤਾ ਦੀ ਪ੍ਰਬਲ ਸੁਰ ‘ਬਿਰਹਾ’ ਦੇ ਸੰਦਰਭ ਵਿੱਚ ਚਰਚਾ ਕਰਾਂਗਾ। ਸ਼ਿਵ ਦੀਆਂ ਕਵਿਤਾਂਵਾਂ ਵਿੱਚ ਭਾਵੇਂ ਸਮਾਜਕ ਚੇਤਨਤਾ ਸਮੇਤ ਆਮ ਇਨਸਾਨ ਦੀ ਜ਼ਿੰਦਗੀ ਨਾਲ ਸਬੰਧਤ ਕਈ ਪੱਖਾਂ ਦੀ ਤਸਵੀਰ ਉਲੀਕੀ ਗਈ ਹੈ, ਪਰ ਬਿਰਹੋਂ , ਗਮ, ਪੀੜਾ ਅਤੇ ਨਾਰੀ ਸੰਵੇਦਨਾ ਦੀ ਸੁਰ ਪ੍ਰਧਾਨ ਹੈ। ਬਿਰਹਾ ਦਾ ਸੁਲਤਾਨ ਸ਼ਿਵ ਬਿਰਹੋ ਦੀ ਗੁੜਤੀ ਲੈ ਕੇ ਜੰਮਿਆ ਸੀ। ਇਸੇ ਲਈ ਤਾਂ ਸ਼ਾਇਦ ਉਹ ਆਖ ਰਿਹਾ

ਅਸੀਂ ਸਭ ਬਿਰਹਾ ਘਰ ਜੰਮਦੇ
ਬਿਰਹਾ ਆਏ ਹੰਢਾਣ
ਬਿਰਹਾ ਖਾਈਏ
ਬਿਰਹਾ ਪਾਈਏ
ਬਿਰਹਾ ਆਏ ਹੰਢਾਣ ।

ਸ਼ਿਵ ਅਤੇ ਬਿਰਹੋ ਵਾਸਤਵ ਵਿੱਚ ਇੱਕ ਦੂਜੇ ਵਿੱਚ ਅਭੇਦ ਹਨ। ਜਿਵੇਂ ਕਲਮ ਸਿਆਹੀ ਬਿਨਾਂ ਅਧੂਰੀ ਹੈ, ਸ਼ਿਵ ਅਤੇ ਸ਼ਿਵ ਦੀ ਕਵਿਤਾ ਬਿਰਹੋ ਬਿਨਾ ਅਧੂਰੇ ਹਨ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਜੇ ਕਿਸੇ ਨੇ ਬਿਰਹਾ ਸੁਰ ਦਾ ਸਿਖਰ ਵੇਖਣਾ ਹੋਵੇ, ਤਾਂ ਉਸਦੇ ਚੋਥੇ ਕਾਵਿ ਸੰਗ੍ਰਹਿ ‘ਮੈਨੂੰ ਵਿਦਾ ਕਰੋ’ ਅਤੇ ਆਪਣੇ ਨੇਤਰ ਕਮਲਾਂ ਨਾਲ ਫੇਰੀ ਪਾ ਆਵੇ। ਇਸ ਸੰਗ੍ਰਹਿ ਦੀ ਸਾਰੀ ਕਾਵਿ ਰਚਨਾ ਪੜ ਕੇ ਇਵੇਂ ਅਹਿਸਾਸ ਉਭਰਦਾ ਜਿਵੇਂ ਸ਼ਿਵ ਗਮ, ਮੌਤ ,ਪੀੜਾ ਦੀ ਤ੍ਰਿਵੈਣੀ ਨਾਲ ਪਰਨਾਇਆ ਹੋਵੇ ।  ਸਮੁੱਚਾ ਕਾਵਿ ਸੰਗ੍ਰਹਿ ਪੜਕੇ ਇਵੇਂ ਲੱਗਦਾ ਜਿਵੇਂ ਸ਼ਿਵ ਨੂੰ ਆਪਣੀ ਸਾਂਹਾਂ ਦੀ ਯਾਤਰਾ ਪੂਰੀ ਹੋਣ ਦਾ ਚਸਕਾ ਲੱਗਾ ਹੋਵੇ ਸ਼ਾਇਦ ਤਾਂ ਹੀ ਤਾਂ ਉਹ ਆਖ ਰਿਹਾ

ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸੀਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਿਕਰਮਾ
ਅਸਾਂ ਤਾਂ ਜੋਬਨ ਰੁਤੇ ਮਰਨਾਂ

ਮੈਨੂੰ ਵਿਦਾ ਕਰੋ, ਕਾਵਿ ਸੰਗ੍ਰਹਿ ਵਿੱਚ ਸ਼ਿਵ ਦੀ ਪਹਿਲੀ ਪ੍ਰਗੀਤ ਰਚਨਾ ‘ਮੇਰੇ ਰਾਮ ਜੀਉ’ ਵਿੱਚ ਉਸਨੇ ਇੱਕ ਪ੍ਰੀਤ ਨਾਇਕਾ ਦੀ ਦਰਦ ਕਹਾਣੀ ਨੂੰ ਬਿਰਹਾ ਦੀ ਸੁਰ ਵਿੱਚ ਬੜੇ ਹੀ ਦਿਲ ਹਲੂਣ ਵਾਲੀਆਂ ਸਤਰਾਂ ਵਿੱਚ ਵਿਅਕਤ ਕੀਤਾ ਹੈ ਕਿ ,ਕਿਸ ਤਰਾਂ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਨਿਹੋਰਾ ਜਿਹਾ ਮਾਰਦੀ ਹੈ ,ਕੇ ਜਦ ਉਹ ਉਸਦੀ ਜਰੂਰਤਮੰਦ ਸੀ ,ਉਹ ਉਸ ਵਕਤ ਕਿਉਂ ਨਹੀਂ ਬਹੁੜਿਆ।

ਕਿੱਥੇ ਸਉਂ ਜਦ ਅੰਗ ਸੰਗ ਸਾਡੇ ਰੁੱਤ ਜੋਬਨ ਦੀ ਮੋਲੀ
ਕਿੱਥੇ ਸਉਂ ਜਦ ਤਨ ਮਨ ਸਾਡੇ ਗਈ ਕਥੂਰੀ ਘੋਲੀ
ਕਿੱਥੇ ਸਉਂ ਜਦ ਧਰਮੀ ਬਾਬਲ ਸਾਡੇ ਕਾਜ ਰਚਾਏ
ਮੇਰੇ ਰਾਮ ਜੀਉ ।

ਬਿਰਹਾ ਅਸਲ ਵਿੱਚ ਉਹ ਵਿਯੋਗ ਭਰੀ ਸਥਿਤੀ ਹੈ ਜਦ ਸਾਡੇ ਦਿਲ ਵਿੱਚ ਵਸਣ ਵਾਲਾ ਸਾਡੇ ਕੋਲ ਨਾਂ ਹੋਵੇ, ਪਰ ਉਸਦੀ ਯਾਦ ਸਾਰੀ ਰੂਹ ਵਿੱਚ ਅੱਗ ਵਾਂਗ ਬਲ ਰਹੀ ਹੋਵੇ ,ਆਪਣੇ ਕਿਸੇ ਪਿਆਰੇ ਦੀ ਦੂਰੀ ਵਿੱਚ ਤੜਫ-ਤੜਫ ਕੇ ਜਿਹੜੇ ਪਲ ਬੀਤਦੇ ਨੇ , ਉਹਨਾਂ ਪਲਾਂ ਦਾ ਨਾਮਕਰਨ 'ਬਿਰਹੋ’’ ਕੀਤਾ ਜਾ ਸਕਦਾ ਹੈ। ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਦਰਦ ਭਰੇ ਸੁਆਲ ਕਰਦੀ ਪੁੱਛਦੀ ਹੈ ਕਿ ਸਾਉਣ ਦਾ ਮਹੀਨਾ ਤਾਂ ਮਿਲਾਪ ਦਾ ਵੇਲਾ ਸੀ ,ਪਰ ਉਹ ਉਸ ਵੇਲੇ ਵੀ ਉਸਦੇ ਵਿਛੋੜੇ ਦੀ ਅਗਨ ਬੁਝਾਉਣ ਕਿਉਂ ਨਾਂ ਬਹੁੜਿਆ
ਕਿੱਥੇ ਸਉਂ ਜਦ ਨਹੁੰ ਟੁੱਕਦੀ ਦੇ ਸਾਉਣ ਮਹੀਨੇ ਬੀਤੇ
ਕਿੱਥੇ ਸਉਂ ਜਦ ਮਹਿਕਾਂ ਦੇ ਅਸੀਂ ਦੀਪ ਚਮੁਖੀਏ ਸੀਖੇ
ਕਿੱਥੇ ਸਉਂ ਉਸ ਰੁੱਤੇ ਤੇ ਤੁਸੀਂ ਉਦੋ ਕਿਉਂ ਨਾਂ ਆਏ
ਮੇਰੇ ਰਾਮ ਜੀਉ

ਸ਼ਿਵ, ਬਿਰਹਾ ਵਿੱਚੋਂ ਸਵਾਦ ਚੱਖਦਾ ਹੈ ਕਿਸੇ ਸ਼ਹਿਦ ਦੇ ਸਵਾਦ ਵਾਂਗ ਵਸਲ ਦਾ ਸਵਾਦ ਤਾਂ ਇੱਕ ਪਲ ਦੀ ਮੌਜ ਤੋਂ ਵੱਧ ਨਹੀਂ ਜੁਦਾਈ ਹਸ਼ਰ ਤੱਕ ਹੈ ਆਦਮੀ ਨੂੰ ਨਸ਼ਾ। ਸ਼ਿਵ ਤੇ ਬਿਰਹਾ ਵਾਸਤਵ ਵਿੱਚ ਇੱਕ ਦੂਜੇ ਦੇ ਪੂਰਕ ਸਨ, ਤਾਂ ਹੀ ਤਾਂ ਉਹ ਆਖਦਾ ਹੈ ਕਿ ਉਸਦੇ ਗੀਤਾਂ ਦੇ ਨੈਣਾਂ ਵਿੱਚ ਬਿਰਹੋ ਦੀ ਰੜਕ ਪੈਂਦੀ ਹੈ। ਸ਼ਿਵ ਤੇ ਬਿਰਹਾ ਬਾਰੇ ਹਾਲੇ ਜੋ ਮੈ ਲਿਖਿਆ ਉਹ ਸ਼ਾਇਦ ਤਿਲ ਮਾਤਰ ਵੀ ਨਹੀ ,ਕਿਉਂਕਿ ਸ਼ਿਵ ਵਾਸਤੇ ਤਾਂ ਬਿਰਹਾ ਸੋ ਮੱਕਿਅਆਂ ਦਾ ਹੱਜ ਹੈ-

ਸਾਨੂੰ ਸੋ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ
ਲੋਕੀਂ ਪੂਜਣ ਰੱਬ ਮੈ ਤੇਰਾ ਬਿਰਹੜਾ ।

-ਅਕਾਸ਼ ਦੀਪ ‘ਭੀਖੀ’ ਪ੍ਰੀਤ
1:40 PM | 0 comments

ਅਣੂ ਦੇ ਚਾਰ ਦਹਾਕਿਆਂ ਦਾ ਸਫ਼ਰ

Written By ਲਫ਼ਜ਼ਾਂ ਦਾ ਸੇਵਾਦਾਰ on Wednesday, June 29, 2011 | 12:14 PM


    ਕਰੀਬ ਚਾਰ ਕੁ ਦਹਾਕੇ ਪਹਿਲਾਂ ਪੱਤਰਕਾਰੀ ਦੇ ਸਮੁੰਦਰ ਵਿਚ ਕੁਝ ਨਾਮੀ ਜਹਾਜ ਹੀ ਡੂੰਘੇ ਪਾਣੀਆਂ ਵਿਚ ਤੈਰ ਰਹੇ ਸਨ ਜਿਨ੍ਹਾਂ 'ਚ ਯਾਤਰੂ ਖ਼ਾਸ ਵਿਅਕਤੀ ਸਨ। ਉਹ ਜਹਾਜ ਸਧਾਰਨ ਯਾਤਰੀਆਂ ਨੂੰ ਚੜ੍ਹਾਉਣ 'ਚ ਦਿਲਚਸਪੀ ਨਹੀਂ ਸਨ ਲੈਂਦੇ। ਸਮੇਂ ਦੀ ਕਰਵਟ ਨਾਲ ਕੁਝ ਯਾਤਰੂ ਆਪਣੀਆਂ ਨਿੱਕੀਆਂ ਨਿੱਕੀਆਂ ਕਿਸ਼ਤੀਆਂ ਲੈ ਕੇ ਸਮੁੰਦਰ ਵਿਚ ਕੁੱਦ ਪਏ। ਉਨ੍ਹਾਂ ਨੇ ਮੰਜ਼ਿਲ ਤਾਂ ਦੂਰ ਦੀ ਮਿੱਥ ਲਈ ਪਰ ਰਾਹ ਵਿਚ ਆਉਣ ਵਾਲੇ ਤੂਫਾਨਾਂ, ਚਟਾਨਾਂ ਦੇ ਮੌਸਮਾਂ ਨਾਲ ਸਿਝਣ ਲਈ ਠੋਸ ਨੀਤੀ ਤੇ ਵਿਉਂਤਬੰਦੀ ਨਹੀਂ ਬਣਾਈ।
ਸੁਰਿੰਦਰ ਕੈਲੇ
ਕਾਹਲੀ ਵਿਚ ਲਏ ਗਏ ਫ਼ੈਸਲੇ ਨੇ ਕਮਜ਼ੋਰ ਬੇੜੀਆਂ ਨੂੰ ਪਿਛਾਂਹ ਧੱਕ ਦਿੱਤਾ ਤੇ ਛੇਤੀ ਹੀ ਉਹ ਵਾਪਸ ਪਰਤਣ ਲਈ ਮਜਬੂਰ ਹੋ ਗਏ। ਅਜਿਹੇ ਸਮੇਂ ਠਿਲਦੀਆਂ ਬੇੜੀਆਂ ਨੂੰ ਵੇਖ ਸਾਡੇ ਮਨ ਵਿਚ ਵੀ ਵਿਚਾਰ ਆਇਆ ਕਿ ਪੰਜਾਬੀ ਪੱਤਰਕਾਰੀ ਦੀ ਬੇੜੀ ਵੀ ਸਾਹਿਤਕ ਪਾਣੀਆਂ ਵਿਚ ਠੇਲ ਦੇਈਏ। ਰੀਸੋ ਰੀਸ, ਬਗ਼ੈਰ ਕਿਸੇ ਵਿਉਂਤਬੰਦੀ ਤੇ ਤਜਰਬੇ ਦੇ, ਸਮੁੰਦਰ ਦੀ ਵਿਸ਼ਾਲਤਾ ਦੀ ਖਿੱਚ ਕਾਰਨ ਅਸੀਂ ਵੀ 'ਅਣੂਰੂਪ'  (ਜੋ ਬਾਅਦ ਵਿਚ 'ਅਣੂ' ਦੇ ਨਾਂ ਨਾਲ ਰਜਿਸਟਰ ਹੋਇਆ) ਨਾਂ ਦੀ ਬੇੜੀ ਪੱਤਰਕਾਰੀ ਦੇ ਵਿਸ਼ਾਲ ਸਾਗਰ ਵਿਚ ਠੇਲ ਦਿਤੀ। ਇਸ ਬੇੜੀ ਨੂੰ ਸਮੁੰਦਰੀ ਸਫ਼ਰ 'ਚ ਆਉਣ ਦੀ ਬਹੁਤੀ ਕਾਹਲ ਮੇਰੇ ਦੋਸਤ ਤੇ ਪ੍ਰਸਿੱਧ ਕਹਾਣੀਕਾਰ ਗੁਰਪਾਲ ਲਿੱਟ ਨੂੰ ਸੀ ਤੇ ਉਸ ਨੇ ਮੈਨੂੰ ਵੀ ਬਾਹੋਂ ਫੜਕੇ ਬੇੜੀ ਵਿਚ ਖਿੱਚ ਲਿਆ। ਉਹ ਆਪ ਤਾਂ ਪੇਤਲੇ ਪਾਣੀ 'ਚ ਛਾਲ ਮਾਰਕੇ ਕੰਢੇ ਆ ਲੱਗਿਆ ਤੇ ਮੈਨੂੰ ਔਝੜ ਰਾਹ ਤੋਰ ਦਿੱਤਾ।
ਅਣੂ ਦੀ 40ਵੀਂ ਵਰ੍ਹੇਗੰਢ ਤੇ ਛਪੇ ਦੋ ਵਿਸ਼ੇਸ਼ ਅੰਕਾ ਦੇ ਸਰਵਰਕ
        ਪਹਿਲਾ ਅੰਕ ਕੱਢਣ ਲਈ ਸਾਡੇ ਕੋਲ ਕੋਈ ਮੈਟਰ ਨਹੀਂ ਸੀ। ਅਸੀਂ ਕੁਝ ਰਚਨਾਵਾਂ ਬੰਗਲਾ ਤੇ ਕੁਝ ਹਿੰਦੀ ਦੀਆਂ ਲਘੂ ਪੱਤ੍ਰਿਕਾਵਾਂ 'ਚੋਂ ਅਨੁਵਾਦ ਕੀਤੀਆਂ। ਕੁਝ ਰਚਨਾਵਾਂ ਪੰਜਾਬੀ ਸਾਹਿਤ ਸਭਾ ਪੱਛਮੀ ਬੰਗਾਲ ਦੇ ਸਹਿਯੋਗ ਨਾਲ ਮਿਲੀਆਂ ਤੇ ਪਲੇਠਾ ਅੰਕ ਤਿਆਰ ਕਰ ਲਿਆ। ਫਿਰ ਸਮੱਸਿਆ ਆਈ ਕਿ ਪਰਚੇ ਭੇਜੇ ਕਿਸ ਨੂੰ ਜਾਣ। ਸਾਡੇ ਕੋਲ ਨਾ ਤਾਂ ਪਾਠਕਾਂ, ਨਾ ਲੇਖਕਾਂ ਦੇ ਤੇ ਨਾ ਵਿਕਰੇਤਾਵਾਂ ਦੇ ਪਤੇ ਸਨ। ਇਹ ਸਮਸਿਆ ਵੀ ਪੱਛਮੀ ਬੰਗਾਲ ਦੀ ਸਾਹਿਤ ਸਭਾ ਨੇ ਹੱਲ ਕਰ ਦਿੱਤੀ। ਉਨਾਂ ਦਿਨਾਂ ਵਿਚ ਉਹ 'ਸੱਜਰੀ ਪੈੜ' ਨਾਮੀਂ ਸਾਹਿਤਕ ਪੱਤਰ ਕੱਢਦੇ ਸਨ। ਸੋ ਉਨ੍ਹਾਂ ਨੇ ਸਾਨੂੰ ਲੇਖਕਾਂ, ਪਾਠਕਾਂ ਤੇ ਬੁੱਕ ਸਟਾਲਾਂ ਦੇ ਕੁਝ ਪਤੇ ਦੇ ਦਿੱਤੇ। ਜਿਊਂ ਹੀ ਇਹ ਅੰਕ ਪੰਜਾਬ ਪਹੁੰਚਿਆ, ਬੱਲੇ ਬੱਲੇ ਹੋ ਗਈ। ਵੱਖਰਾ ਆਕਾਰ, ਨਵੀਆਂ ਅਤੇ ਸਮੇਂ ਦੀਆਂ ਹਾਣੀ ਰਚਨਾਵਾਂ ਨੇ ਸਾਹਿਤ ਜਗਤ ਵਿਚ ਹਲਚਲ ਪੈਦਾ ਕਰ ਦਿੱਤੀ। ਪਾਠਕਾਂ ਅਤੇ ਲੇਖਕਾਂ ਦੇ ਰੋਜ਼ਾਨਾ ਦਰਜਨਾਂ ਆਉਂਦੇ ਪੱਤਰਾਂ ਅਤੇ ਰਚਨਾਵਾਂ ਨੇ ਸਾਡੀ ਗਤੀ ਤੇਜ ਅਤੇ ਹੌਸਲਾ ਹੋਰ ਬੁਲੰਦ ਕਰ ਦਿੱਤਾ। ਬੁੱਕ ਸਟਾਲਾਂ ਤੋਂ ਹਰ ਨਵੇਂ ਅੰਕ ਨਾਲ ਮੰਗ ਵਧਣ ਲੱਗੀ। ਪਰ ਕੁਝ ਹੀ ਅੰਕਾਂ ਬਾਅਦ ਸਾਨੂੰ ਪਤਾ ਲੱਗ ਗਿਆ ਕਿ ਬੁੱਕ ਸਟਾਲਾਂ ਤਾਂ ਸਾਹਿਤ ਦੇ ਸਮੁੰਦਰ ਵਿਚ ਚੱਟਾਨਾਂ ਹਨ ਜੋ ਹਰ ਬੇੜੀ ਅਤੇ ਜਹਾਜ ਨੂੰ ਡੋਬਣ ਲਈ ਉਨ੍ਹਾਂ 'ਚ ਵੱਟੇ ਪਾਉਂਦੀਆਂ ਹਨ। ਵਾਰ ਵਾਰ ਮੰਗਣ 'ਤੇ ਵੀ ਉਨ੍ਹਾਂ ਸਾਨੂੰ ਇਕ ਪੈਸਾ ਨਹੀਂ ਦਿੱਤਾ ਜਦੋਂ ਕਿ ਉਹ ਇਕੱਠੇ ਸੌ-ਸੌ ਪਰਚੇ ਵੀ ਮੰਗਵਾਉਂਦੇ ਰਹੇ ਸਨ। ਅਸੀਂ ਛੇਤੀ ਹੀ ਉਨ੍ਹਾਂ ਚੱਟਾਨਾਂ ਨੂੰ ਪਛਾਣ ਲਿਆ ਤੇ ਆਪਣੀ ਬੇੜੀ ਨੂੰ ਇਨ੍ਹਾਂ ਤੋਂ ਬਚਾਉਣ ਲਈ ਪਰਾਂ ਦੀ ਲੰਘਣਾ ਸ਼ੁਰੂ ਕਰ ਦਿੱਤਾ।
    ਪਰਚੇ ਜਾਰੀ ਰੱਖਣ ਲਈ ਇਸ ਦੀ ਆਰਥਿਕ ਵਿਉਂਤਬੰਦੀ ਬੜੀ ਜ਼ਰੂਰੀ ਹੈ। ਪਰ ਅਸੀਂ ਤਾਂ ਬਗ਼ੈਰ ਸੋਚੇ ਸਮਝੇ ਪ੍ਰਕਾਸ਼ਨਾ ਦੇ ਖੇਤਰ ਵਿਚ ਪੈਰ ਰੱਖ ਲਿਆ ਸੀ। ਕੁੱਝ ਹੀ ਅੰਕਾਂ ਬਾਅਦ ਮੈਂ ਮਹਿਸੂਸ ਕਰ ਲਿਆ ਸੀ ਕਿ ਪਰਚੇ ਦੀ ਨਿਰੰਤਰਤਾ ਲਈ ਸਾਡੇ ਕੋਲ ਲੋੜੀਂਦਾ ਸਾਧਨ ਹੋਣਾ ਜ਼ਰੂਰੀ ਹੈ। ਮੈਂ ਇਹ ਗੱਲ ਪੱਕੀ ਕਰ ਲਈ ਸੀ ਕਿ ਪੈਸਿਆਂ ਦੇ ਕਾਰਨ ਪਰਚਾ ਬੰਦ ਨਹੀਂ ਹੋਣ ਦੇਣਾ ਤੇ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਗਲੀ ਵਿਉਂਤਬੰਦੀ ਬਣਾਈ ਸੀ। ਬਗ਼ੈਰ ਇਸ਼ਤਿਹਾਰਾਂ ਦੇ ਆਪਣੀ ਜੇਬ ਦੇ ਬਲਬੂਤੇ 'ਅਣੂ' ਨੂੰ ਜਾਰੀ ਰੱਖਣ ਸਦਕੇ ਇਹ ਅੱਜ ਚਾਲੀ ਸਾਲਾਂ ਦਾ ਸਫ਼ਰ ਤਹਿ ਕਰ ਚੁੱਕੀ ਹੈ। 'ਅਣੂ' ਪਹਿਲਾਂ ਮਾਸਿਕ ਫਿਰ ਦੋ-ਮਾਸਿਕ ਅਤੇ ਹੁਣ ਤ੍ਰੈ-ਮਾਸਿਕ ਹੈ। ਅਜਿਹਾ ਕਰਨਾ ਪ੍ਰਬੰਧਕੀ ਮਜ਼ਬੂਰੀ ਹੈ ਹੋਰ ਕੋਈ ਕਾਰਨ ਨਹੀਂ।
     ਇੱਕ ਗੱਲ ਮੈਂ ਆਪਣੇ ਪਾਠਕਾਂ ਨੂੰ ਜ਼ਰੂਰ ਦੱਸਣੀ ਚਾਹੁੰਦਾ ਹਾਂ ਕਿ ਅਣੂ ਦੀ ਛਪਾਈ ਵਿਚ ਕਲਕੱਤੇ ਦੀ ਸਕਿਓਰਟੀ ਪ੍ਰੈਸ, ਪੰਜਾਬੀ ਰਾਈਟਰਜ਼ ਸਹਿਕਾਰੀ ਪ੍ਰੈਸ ਲੁਧਿਆਣਾ, ਮਰਹੂਮ ਪੁਰਦਮਨ ਸਿੰਘ ਬੇਦੀ (ਜਸਵੰਤ ਪ੍ਰਿੰਟਰਜ਼, ਲੁਧਿਆਣਾ) ਦਾ ਸਹਿਯੋਗ ਸਲਾਹੁਣਯੋਗ ਹੈ। ਜਨਮੇਜਾ ਸਿੰਘ ਜੌਹਲ ਦਾ ਇਸ ਦੀ ਛਪਾਈ ਵਿਚ ਵਿਸ਼ੇਸ਼ ਯੋਗਦਾਨ ਹੈ। ਸਭ ਤੋਂ ਪਹਿਲਾ ਅਣੂ ਦਾ ਰੰਗਦਾਰ ਟਾਈਟਲ (ਲੈਟਰ ਪ੍ਰੈਸ ਤੇ) ਉਸ ਦੀ ਕਾਢ ਸੀ। ਅੱਜ ਵੀ ਛਪਾਈ ਦੀ ਸਾਰੀ ਜ਼ਿੰਮੇਂਵਾਰੀ ਉਸ ਦੇ ਮੋਢਿਆਂ ਉਪਰ ਹੈ। ਜੇ ਉਪਰੋਕਤ ਵਿਅਕਤੀਆਂ ਦਾ ਸਹਿਯੋਗ ਨਾ ਹੁੰਦਾ ਤਾਂ ਸ਼ਾਇਦ ਛਪਾਈ ਦੀ ਸਮੱਸਿਆ ਕਾਰਨ ਅਣੂ ਬੰਦ ਵੀ ਹੋ ਜਾਂਦਾ। ਮੈਂ ਇਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ।
   ਇਹ ਸਾਲ ਅਣੂ ਦੀ ਪ੍ਰਕਾਸ਼ਨਾ ਦਾ ਚਾਲੀਵਾਂ ਵਰ੍ਹਾ ਹੈ। ਇਸ ਸਾਲ ਅਸੀਂ ਅਣੂ ਵਿਚ ਪ੍ਰਕਾਸ਼ਿਤ ਕਹਾਣੀਆਂ ਦੇ ਚਾਰ ਵਿਸ਼ੇਸ਼ ਅੰਕ (ਦਹਾਕੇਵਾਰ) ਪ੍ਰਕਾਸ਼ਿਤ ਕਰ ਰਹੇ ਹਾਂ। ਹਰ ਅੰਕ ਵਿਚ ਇਕ ਮਹਾਨ ਵਿਦਵਾਨ ਦਾ ਖੋਜ ਭਰਪੂਰ ਪੱਤਰ ਵੀ ਛਾਪ ਰਹੇ ਹਾਂ ਤਾਂ ਜੁ ਪਿਛਲੇ ਚਾਲੀ ਸਾਲਾਂ ਦੀ ਮਿੰਨੀ ਕਹਾਣੀ ਦਾ ਲੇਖਾ ਜੋਖਾ ਹੋ ਸਕੇ। ਇਸ ਦੇ ਦੋ ਅੰਕ ਜਾਰੀ ਹੋ ਚੁੱਕੇ ਹਨ। ਅਗਲੇ ਦੋ ਅੰਕ ਤਿਆਰੀ ਅਧੀਨ ਹਨ। ਇਨ੍ਹਾਂ ਚਾਰੇ ਵਿਸ਼ੇਸ਼ ਅੰਕਾਂ ਨੂੰ ਕਿਤਾਬੀ ਰੂਪ ਵਿਚ ਸਾਂਭਣ ਦਾ ਉਪਰਾਲਾ ਵੀ ਕਰਾਂਗੇ ਤਾਂ ਜੁ ਮਿੰਨੀ ਕਹਾਣੀ ਦਾ ਆਰੰਭ, ਵਿਕਾਸ ਅਤੇ ਅਜੋਕੇ ਪੜਾਅ ਤੱਕ ਮੁਲਅੰਕਨ ਕੀਤਾ ਜਾ ਸਕੇ ਅਤੇ ਵਿਸ਼ਾਗਤ ਤੇ ਵਿਧਾਗਤ ਤਬਦੀਲੀਆਂ, ਝੁਕਾ ਅਤੇ ਇਤਿਹਾਸ ਨੂੰ ਇਕ ਲੜੀ ਵਿਚ ਪਰੋਇਆ ਜਾ ਸਕੇ।
      ਸਾਡਾ ਇਹ ਯਤਨ ਮਿੰਨੀ ਕਹਾਣੀ ਦੇ ਆਰੰਭ, ਵਿਕਾਸ, ਅਜੋਕੇ ਦੌਰ ਦੀ ਯਾਤਰਾ ਦਾ ਇਤਿਹਾਸਕ ਦਸਤਾਵੇਜ ਬਣਕੇ ਪਾਠਕਾਂ ਨੂੰ ਇਸ ਦੇ ਵੱਖਰੇ-ਵੱਖਰੇ ਪੜਾਵਾਂ ਦੀ ਜਾਣਕਾਰੀ ਦੇਵੇਗਾ। ਵਿਦਵਾਨਾਂ ਅਤੇ ਖੋਜੀਆਂ ਲਈ ਮਿੰਨੀ ਕਹਾਣੀ ਦੇ ਇਤਿਹਾਸ ਨੂੰ ਪੜ੍ਹਣ, ਸਮਝਣ, ਬਦਲਦੇ ਝੁਕਾਵਾਂ ਦੀ ਨਿਸ਼ਾਨਦੇਹੀ ਕਰਨ ਅਤੇ ਵਿਧਾਗਤ ਤਬਦੀਲੀਆਂ ਅਤੇ ਨਿਖਾਰ ਅਤੇ ਸਪੱਸ਼ਟਤਾ ਨੂੰ ਪ੍ਰਗਟ ਕਰਨ ਅਤੇ ਇਸ ਦੇ ਭਵਿੱਖ ਦੀ ਨਿਸ਼ਾਨਦੇਹੀ ਕਰਨ ਲਈ ਠੋਸ ਸਮੱਗਰੀ ਮੁਹੱਈਆ ਹੋਵੇਗੀ।
      ਅੱਜ 'ਅਣੂ' ਰੂਪੀ ਕਿਸ਼ਤੀ ਅਡੋਲ ਸਫ਼ਰ ਕਰ ਰਹੀ ਹੈ। ਤੂਫ਼ਾਨਾਂ, ਮੌਸਮਾਂ ਅਤੇ ਚੱਟਾਨਾਂ ਤੋਂ ਬਚਣ ਦਾ ਅਸੀਂ ਚਾਲੀ ਸਾਲ ਦੇ ਤਜਰਬੇ ਤੋਂ ਲਾਭ ਲੈਂਦੇ ਹੋਏ, ਹੌਸਲੇ, ਨਿਰੰਤਰਤਾ, ਖ਼ੁਸ਼ੀ ਅਤੇ ਸਤੁੰਸ਼ਟੀ ਨਾਲ ਮੰਜ਼ਿਲ ਵਲ ਵਧ ਰਹੇ ਹਾਂ ਅਤੇ ਪੂਰਨ ਵਿਸ਼ਵਾਸ ਹੈ ਕਿ ਪੱਤਰਕਾਰੀ ਦੇ ਕਠਿਨ ਸਮੁੰਦਰੀ ਸਫ਼ਰ ਨੂੰ ਤਹਿ ਕਰਦੇ ਹੋਏ, ਨਰੋਏ ਸਾਹਿਤਕ ਚੱਪੂਆਂ ਦੀ ਮਦਦ ਨਾਲ ਭਾਵੇਂ ਹੌਲੀ ਹੀ ਸਹੀ, ਮੰਜ਼ਿਲ ਦੀ ਪ੍ਰਾਪਤੀ ਵਲ ਨਿਰੰਤਰ ਵਧ ਰਹੇ ਹਾਂ। ਇਸ ਸਫ਼ਰ ਦੀ ਨਿਰੰਤਰਤਾ ਲਈ ਪਾਠਕਾਂ, ਲੇਖਕਾਂ, ਵਿਦਵਾਨਾਂ ਅਤੇ ਖੋਜੀਆਂ ਦੇ ਸਹਿਯੋਗ ਅਤੇ ਹੌਸਲੇ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਇੰਝ ਹੀ ਭਵਿੱਖੀ ਸਹਿਯੋਗ ਦੀ ਆਸ ਨਾਲ ਅਨੰਦਮਈ ਸਫ਼ਰ ਤਹਿ ਕਰਦੇ ਰਹਾਂਗੇ।
 
-ਸੁਰਿੰਦਰ ਕੈਲੇ, ਸੰਪਾਦਕ ਅਣੂ
12:14 PM | 0 comments

ਸਤਿਅਮ, ਸ਼ਿਵਮ, ਸੁੰਦਰਮ ਹੋਵੇ ਤਾਂ ਬਣਦੀ ਐ ਖ਼ਬਰ

Written By ਲਫ਼ਜ਼ਾਂ ਦਾ ਸੇਵਾਦਾਰ on Friday, June 24, 2011 | 6:23 PM

ਲੁਧਿਆਣਾ। 24 ਜੂਨ
ਸੂਚਨਾ (ਖ਼ਬਰ), ਸਤਿਅਮ, ਸ਼ਿਵਮ, ਸੁੰਦਰਮ ਸਿਧਾਂਤ ਤੇ ਅਧਾਰਿਤ ਹੋਣੀ ਚਾਹੀਦੀ ਹੈ, ਜਿਸ ਦਾ ਮੂਲ ਸੱਚ ਤੇ ਕੇਂਦਰਿਤ ਹੋਵੇ, ਸੂਚਨਾ ਲੋਕ ਭਲਾਈ ਲਈ ਹੋਵੇ ਅਤੇ ਉਸ ਨੂੰ ਬੜੇ ਸਖਾਲੇ ਅਤੇ ਤਰੀਕੇ ਨਾਲ ਪਾਠਕਾਂ ਨੂੰ ਪਰੋਸਿਆ ਜਾਵੇ। ਇਹ ਗੱਲ ਉੱਘੇ ਪੱਤਰਕਾਰ ਅਮਿਤ ਸ਼ਰਮਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਚੱਲ ਰਹੇ 21 ਦਿਨਾਂ ਪ੍ਰੋਗਰਾਮ ਦੌਰਾਨ ਅੱਜ ਵਿਸ਼ੇਸ਼ ਤੌਰ ਤੇ ਆਪਣੇ ਵਿਚਾਰ ਰਖਦਿਆਂ ਕਹੀ। ਸ਼ਰਮਾ ਨੇ ਕਿਹਾ ਕਿ ਕਿਸੇ ਵੀ ਚੰਗੇਰੀ ਸੂਚਨਾ ਦੇ ਪਸਾਰੇ ਲਈ 360 ਡਿਗਰੀ ਦਾ ਦ੍ਰਿਸ਼ਟੀਕੋਨ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਖ਼ਬਰ, ਸੂਚਨਾ ਲਈ ਹਰ ਇਕ ਪਹਿਲੂ ਨੂੰ ਦਰਜ ਕਰਨਾ ਅਤਿਅੰਤ ਜ਼ਰੂਰੀ ਹੈ ਜਿਸ ਦੀ ਕਮੀ ਨਾਲ ਸੂਚਨਾ ਕੱਚੀ ਰਹਿ ਜਾਂਦੀ ਹੈ। ਅਮਿਤ ਨੇ ਇਸ ਗੱਲ ਤੇ ਵੀ ਚਿੰਤਾ ਪ੍ਰਗਟਾਈ ਕਿ ਪੱਤਰਕਾਰੀ ਵਿੱਚ ਸਾਇੰਸ ਦੇ ਪਸਾਰੇ ਲਈ ਜਿੰਨੇ ਯਤਨ ਸੰਭਵ ਹੋ ਸਕਦੇ ਹਨ, ਨਹੀਂ ਕੀਤੇ ਜਾ ਰਹੇ।
      ਯੂਨੀਵਰਸਿਟੀ  ਦੇ ਅਪਰ ਨਿਰਦੇਸ਼ਕ ਸੰਚਾਰ ਅਤੇ ਕੋਰਸ ਦੇ ਡਾਇਰੈਕਟਰ ਡਾ: ਜਗਤਾਰ ਸਿੰਘ ਧੀਮਾਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਵਿੱਖ ਵਿੱਚ ਖੇਤੀ ਵਿਗਿਆਨ ਨੂੰ ਹਰ ਕੋਨੇ ਤਕ ਪਹੁੰਚਾਉਣ ਲਈ ਵੱਖ ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਲਈ ਪ੍ਰੋਗਰਾਮ ਉਲੀਕੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਪੱਤਰਕਾਰੀ ਨਾਲ ਸਬੰਧਿਤ ਸਿਖਿਆਰਥੀਆਂ ਨੂੰ ਖੇਤੀ ਵਿੱਚ ਲੁਕੇ ਵਿਗਿਆਨ ਦੇ ਸਿਧਾਤਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।
      ਦੁਪਹਿਰ ਪਹਿਲਾਂ ਦੇ ਸੈਸ਼ਨ ਵਿੱਚ ਮਹਿਰਮ ਗਰੁੱਪ ਆਫ ਪਬਲੀਕੇਸ਼ਨ ਦੇ ਐਸ. ਐਸ. ਬੀਰ ਨੇ ਆਪਣੇ ਭਾਸ਼ਨ ਦੌਰਾਨ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਪ੍ਰਸਾਰਤ ਸੂਚਨਾ ਭਰੋਸੇਮੰਦ ਹੋਣੀ ਚਾਹੀਦੀ ਹੈ, ਜਿਸ ਨਾਲ ਚਿਰਾਂ ਤਕ ਤੁਹਾਡਾ ਪਾਠਕਾਂ ਦੇ ਨਾਲ ਰਿਸ਼ਤਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਭਾਸ਼ਾਵਾਂ ਲਈ ਤਰਾਸਦੀ ਦੀ ਗੱਲ ਹੈ ਕਿ ਇਕ ਭਾਸ਼ਾ ਵਿੱਚ ਵਿਕਸਤ ਸਾਹਿਤ ਦੂਜੀ ਭਾਸ਼ਾ ਵਿੱਚ ਉਪਲਬੱਧ ਨਹੀਂ ਹੁੰਦਾ। ਉਨ੍ਹਾਂ ਕਿਹਾ ਸਫਲ ਹੋ ਚੁੱਕੀਆਂ ਪ੍ਰਬੰਧਨ ਵਿਧੀਆਂ ਬਾਰੇ ਜਾਣਕਾਰੀ ਸਭ ਤੱਕ ਪਹੁੰਚਾਉਣੀ ਚਾਹੀਦੀ ਹੈ। ਬੀਰ ਨੇ ਕਿਹਾ ਕਿ ਸੂਚਨਾ ਵਿੱਚ ਨਾਂ-ਪੱਖੀ ਸੋਚ ਕਦੇ ਵੀ ਹਾਵੀ ਨਹੀਂ ਹੋਣ ਦੇਣੀ ਚਾਹੀਦੀ। ਦੁਪਹਿਰ ਦੇ ਸੈਸ਼ਨ ਵਿੱਚ ਸਿਖਿਆਰਥੀਆਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।
6:23 PM | 0 comments

ਸਾਦ-ਮੁਰਾਦੇ ਵਿਆਹ ਹੀ ਸਮਾਜ ਦੇ ਗੌਰਵ ਨੂੰ ਚਾਰ ਚੰਨ ਲਗਾਉਂਦੇ ਨੇ

Written By ਲਫ਼ਜ਼ਾਂ ਦਾ ਸੇਵਾਦਾਰ on Friday, June 17, 2011 | 2:13 PM



ਦੋ ਪਰਿਵਾਰਾਂ ਦਾ ਆਪਸੀ ਮੇਲ ਕਰਵਾਉਣਾ ਅਤੇ ਦੋ ਜ਼ਿੰਦੜੀਆਂ ਨੂੰ ਇੱਕ ਪਵਿੱਤਰ ਬੰਧਨ ਵਿਚ ਬੰਨਣ ਦੇ ਕਾਰਜ ਨੂੰ ਹੀ ਵਿਆਹ ਜਾਂ ਸ਼ਾਦੀ ਦੀ ਰਸਮ ਕਿਹਾ ਜਾਂਦਾ ਹੈ। ਇਸ ਰਸਮ ਰਾਹੀਂ ਸਮਾਜ ਵਿੱਚ ਪਿਆਰ, ਸਰੋਕਾਰ, ਸਾਂਝੀਵਾਲਤਾ, ਏਕਤਾ ਅਤੇ ਸਥਿਰਤਾ ਹੀ ਨਹੀਂ ਵੱਧਦੀ, ਸਗੋਂ ਸਮਾਜ ਦਾ ਸਾਰਥਿਕ ਵਿਕਾਸ ਵੀ ਹੁੰਦਾ ਹੈ । ਪਰ, ਇਹ ਪਵਿੱਤਰ ਰਸਮ ਵੀ ਅਜੋਕੀ ਪਦਾਰਥਵਾਦੀ ਦੌੜ ਤੋਂ ਨਾ ਬਚ ਸਕੀ । ਲੋਕ ਆਪਣਾ ਨੱਕ ਬਚਾਉਂਦੇ-ਬਚਾਉਂਦੇ ਹੀ ਮਣਾਂ-ਮੂੰਹੀਂ ਕਰਜ਼ੇ ਦੇ ਬੋਝ ਹੇਠ ਆ ਰਹੇ ਨੇ, ਜੋ ਇੱਕ ਚਿੰਤਾ ਦਾ ਵਿਸ਼ਾ ਹੈ ।
ਅਜੋਕੀਆਂ ਵਿਆਹ-ਸ਼ਾਦੀਆਂ ਦਾ ਮਾਹੌਲ ਵੀ ਮੇਲੇ ਵਰਗਾ ਹੁੰਦਾ ਹੈ। ਇਹ ਜ਼ਿਆਦਾਤਰ ਮੈਰਿਜ-ਪੈਲੇਸਾਂ ਵਿੱਚ ਕੀਤੀਆਂ ਜਾਂਦੀਆਂ ਹਨ। ਇੱਕ ਪਾਸਿਉਂ ਮੇਲ ਆਈ ਜਾਂਦਾ ਤੇ ਦੂਸਰੇ ਪਾਸਿਉਂ ਜਾਈ ਜਾਂਦਾ ਹੈ। ਇਸ ਪਵਿੱਤਰ ਰਸਮ ਦੇ ਸ਼ੁੱਭ ਮੌਕੇ 'ਤੇ ਪਹੁੰਚੇ ਹੋਏ ਮਹਿਮਾਨ ਖੱਟੇ-ਮਿੱਠੇ ਪਕਵਾਨਾਂ ਵੱਲ ਵੱਧ ਧਿਆਨ ਦਿੰਦੇ ਹਨ ਅਤੇ ਮੇਲ-ਮਿਲਾਪ, ਸਲਾਹ-ਮਸ਼ਵਰਾ ਤੇ ਆਪਸੀ ਗੱਲਬਾਤ ਤਾਂ ਨਾ-ਮਾਤਰ ਹੀ ਹੁੰਦੀ ਹੈ, ਬੱਸ  ਹੈਲੋ-ਹਾਏ ਨਾਲ ਕੰਮ ਸਰ ਜਾਂਦਾ ਹੈ।
ਇਨ੍ਹਾਂ ਪੈਲੇਸਾਂ ਵਿੱਚ ਬਣੇ ਹੋਏ ਪਕਵਾਨਾਂ ਦੀ ਬਹੁਤ ਬਰਬਾਦੀ ਹੁੰਦੀ ਹੈ। ਲੋਕ ਭਰੇ-ਭਰਾਏ ਡੂੰਨੇ ਬੜੀ ਸ਼ਾਨ ਨਾਲ ਚੁੱਕਦੇ ਤੇ ਸੁਆਦ ਮਾਤਰ ਹੀ ਚੱਖ ਕੇ ਬਾਕੀ ਦਾ ਭਰਿਆ-ਭਰਾਇਆ ਡੂੰਨਾ ਕੂੜਾ-ਕਰਕਟ ਦੇ ਡੱਬੇ ਵਿਚ ਸੁੱਟ ਦਿੰਦੇ ਹਨ। ਇਹ ਤਾਂ ਉਹੀ ਗੱਲ ਹੋਈ ਨਾ ਰੱਜੀ ਮੈਂਹ ਘਮਾਹ ਦਾ ਉਜਾੜਾ। ਇਸ ਮੇਲੇ ਵਿੱਚ ਕਈ ਤਾਂ ਖਾਣ-ਪੀਣ ਹੀ ਆਉਂਦੇ ਹਨ ਤੇ ਕਈ ਬਿਨਾਂ ਬੁਲਾਏ ਵੀ। ਅਖੇ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਸ਼ਰਾਬ-ਮੀਟ ਸਰੇਆਮ ਚਲਦਾ ਹੈ। ਲੋਕ ਇਸ ਤਰ੍ਹਾਂ ਟੁੱਟ ਕੇ ਪੈਂਦੇ ਹਨ ਜਿਉਂ ਭੁੱਖਾ ਸ਼ੇਰ ਸ਼ਿਕਾਰ ਨੂੰ ਪੈਂਦਾ ਹੈ । ਗਰਮ-ਸਰਦ, ਕੱਚਾ-ਪੱਕਾ ਸਭ ਛਕੀ ਜਾਂਦੇ ਹਨ । ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਡਾਕਟਰ ਕੋਲ ਜਾਣਾ ਪਵੇ ਕਿਉਂਕਿ ਵਿਆਹ ਦਾ ਖਾਣਾ ਖਾ ਕੇ ਜ਼ਿਆਦਤਰ ਲੋਕ ਬੀਮਾਰ ਹੋ ਜਾਂਦੇ ਹਨ।
ਘਰ ਦੇ ਤਾਂ ਸ਼ਗਨ ਦੇ ਲਿਫ਼ਾਫ਼ੇ 'ਕੱਠੇ ਕਰਦੇ ਅਤੇ ਬਿੱਲ ਚੁਕਾਉਂਦੇ ਹੀ ਰਹਿ ਜਾਂਦੇ ਹਨ ਕਿ ਤਿੰਨ-ਚਾਰ ਘੰਟੇ ਵਿੱਚ ਵਿਆਹ ਦਾ ਕੰਮ ਤਮਾਮ ਹੋ ਜਾਂਦਾ ਹੈ । ਉਹ ਪੈਲਿਸ ਜੋ ਤਿੰਨ-ਚਾਰ ਘੰਟੇ ਪਹਿਲਾ ਪੂਰੇ ਜਲੌਅ ਵਿਚ ਸੀ, ਰੌਸ਼ਨੀ ਮੱਧਮ ਪੈਣੀ ਸ਼ੁਰੂ ਹੋ ਜਾਂਦੀ ਹੈ । ਲੋਕ ਖਾ-ਪੀ ਕੇ ਤੁਰਦੇ ਬਣਦੇ ਹਨ ਅਤੇ ਲੜਕੀ-ਲੜਕੇ ਨੂੰ ਆਸ਼ੀਰਵਾਦ ਦੇਣਾ ਵੀ ਆਪਣਾ ਫ਼ਰਜ਼ ਨਹੀਂ ਸਮਝਦੇ। ਅਜ ਕੱਲ੍ਹ ਦੇ ਵਿਆਹ-ਸਮਾਗਮ ਤਾਂ ਪਿਆਰ ਵਿਹੂਣੇ ਹੀ ਹੁੰਦੇ ਜਾ ਰਹੇ ਹਨ, ਜਦਕਿ ਪਹਿਲੇ ਸਮਿਆਂ ਵਿਚ ਮੇਲ-ਮਿਲਾਪ ਤਾਂ ਸਾਗਰ ਦੀਆਂ ਲਹਿਰਾਂ ਵਾਂਗ ਠਾਠਾਂ ਮਾਰ ਰਿਹਾ ਹੁੰਦਾ ਸੀ। ਸੋਚਣ ਵਾਲੀ ਗੱਲ ਹੈ ਕਿ ਇਹ ਬੋਝ ਕਿਸ 'ਤੇ ਪੈਂਦਾ ਹੈ? ਕੌਣ ਹੈ ਇਸ ਲਈ ਜ਼ਿੰਮੇਵਾਰ?
ਸਿਆਣੇ ਸੱਚ ਕਹਿੰਦੇ ਹਨ ਕਿ ਅੱਜ ਦਾ ਵਿਆਹ ਮੁੱਠੀ 'ਚ ਹੈ । ਪਰ, ਵਿਆਹ ਵਾਲਾ ਘਰ ਤਾਂ ਖੁਸ਼ੀਆਂ ਤੋਂ ਸੱਖਣਾ ਹੀ ਰਹਿ ਜਾਂਦਾ ਹੈ, ਜਦਕਿ ਪਹਿਲੇ ਸਮਿਆਂ ਵਿਚ ਪੂਰੀ ਚਹਿਲ-ਪਹਿਲ ਹੁੰਦੀ ਸੀ ਅਤੇ ਢੋਲ-ਢਮੱਕੇ ਵੱਜਣੇ ਤਾਂ ਕਈ ਦਿਨ ਪਹਿਲਾਂ ਤੋਂ ਸ਼ੁਰੁ ਹੋ ਜਾਂਦੇ ਸਨ । ਘਰ ਨੂੰ ਇੱਕ ਦੁਲਹਣ ਦੀ ਤਰ੍ਹਾਂ ਸਜਾਇਆ ਜਾਂਦਾ ਸੀ । ਮੇਲ ਆਉਂਦਾ, ਗਲੇ ਮਿਲਦਾ ਅਤੇ ਕੰਮ 'ਚ ਹੱਥ ਵੀ ਵਟਾਉਂਦਾ ਸੀ। ਇਸ ਦੇ ਉਲਟ ਹੁਣ ਤਾਂ ਰੰਗ-ਬਰੰਗੀਆਂ ਰੋਸ਼ਨੀਆਂ ਹੋਣ ਦੇ ਬਾਵਜੂਦ ਘਰ ਸੁੰਨਾ-ਸੁੰਨਾ ਹੀ ਲੱਗਦਾ ਹੈ।
ਭਾਵੇਂ ਵਿਆਹ ਮੁੱਠੀ ਵਿਚ ਆ ਗਿਆ ਹੈ, ਪਰ ਇਸ ਦੀਆਂ ਰਸਮਾਂ ਮੁੱਕਣ ਦਾ ਨਾਂ ਨਹੀਂ ਲੈਂਦੀਆਂ । ਇਹ ਵਿਆਹ-ਰਸਮ ਤੋਂ ਕਿਤੇ ਅੱਗੇ ਨਿਕਲ ਜਾਂਦੀਆਂ ਹਨ ਤੇ ਇਨ੍ਹਾਂ 'ਤੇ ਖ਼ਰਚ ਵੀ ਬੇਹਿਸਾਬ ਆਉਂਦਾ ਹੈ । ਲੋਕ ਤਾਂ ਜਾਨ-ਬੁੱਝ ਕੇ ਅੱਡੀਆਂ ਚੁੱਕ-ਚੁੱਕ ਕੇ ਫਾਹਾ ਲੈਂਦੇ ਹਨ । ਆਪਣੀ ਹੈਸੀਅਤ ਨੂੰ ਹੋਰ ਵਡਿਆਉਣ ਦੀ ਖਾਤਿਰ ਉਹ ਤਾਂ ਕਰਜ਼ਾਈ ਹੋ ਜਾਂਦੇ ਹਨ । ਗੱਲ ਕੀ, ਨੱਕ ਉੱਚਾ ਕਰਦੇ-ਕਰਦੇ ਹੀ ਨੱਕ ਵਢਾ ਬੈਠਦੇ ਹਨ।
ਸਾਰਿਆਂ ਦੀ ਸੁਣੋ, ਪਰ ਕਰੋ ਆਪਣੀ ਮਰਜ਼ੀ। ਆਪਣੀ ਹੈਸੀਅਤ ਮੁਤਾਬਕ ਹੀ ਪੈਰ ਪਸਾਰੋ । ਸਿਆਣਾ ਓਹੀ ਹੈ ਜੋ ਸੋਚ ਸਮਝ ਕੇ ਪੈਰ ਪੁੱਟਦਾ ਹੈ । ਇੱਕ ਵਾਰ ਕਮਾਨ ਤੋਂ ਨਿਕਲਿਆਂ ਤੀਰ ਦੁਬਾਰਾ ਹੱਥ ਨਹੀਂ ਆਉਂਦਾ ਤੇ ਇਸੇ ਤਰ੍ਹਾਂ ਹੀ ਇੱਕ ਵਾਰ ਦਾ ਬੰਦਾ ਟੁੱਟਿਆਂ ਮੁੜ ਪੈਰਾਂ 'ਤੇ ਨਹੀਂ ਖੜ੍ਹਦਾ ।
ਇੱਕ ਗੱਲ ਹੋਰ ਵੀ ਦੱਸਣੀ ਬਣਦੀ ਹੈ ਕਿ ਪਹਿਲੇ ਸਮਿਆਂ ਵਿਚ ਲੋਕ ਸਾਦ-ਮੁਰਾਦੇ ਵਿਆਹ-ਸ਼ਾਦੀਆਂ ਨੂੰ ਤਰਜੀਹ ਦਿੰਦੇ ਸਨ। ਪਰ ਅਜਕੱਲ੍ਹ ਤਾਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਮੈਰਿਜ ਪੈਲਿਸਾਂ ਨੂੰ ਦੌੜਦੇ ਹਨ। ਆਪਣੀ ਠੁੱਕ ਬਣਾਉਣ ਦੀ ਖਾਤਿਰ ਲੋੜ ਤੋਂ ਵੱਧ ਖ਼ਰਚਾ ਕਰ ਕੇ ਪਛਤਾਉਂਦੇ ਹਨ । ਉਹ ਇਹ ਗੱਲ ਵੀ ਮੰਨਣ ਲਈ ਤਿਆਰ ਨਹੀਂ ਹਨ ਕਿ ਲੜਕੀ-ਲੜਕਾ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲੈਣ। ਜੇ ਕਿਤੇ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਉਹ ਚਾਚਿਆਂ-ਮਾਮਿਆਂ ਕੋਲੋਂ ਉਹਨਾਂ ਦੇ ਡੱਕਰੇ-ਡੱਕਰੇ ਕਰਵਾ ਕੇ ਹੀ ਸਾਹ ਲੈਂਦੇ ਹਨ। ਉਂਝ ਭਾਵੇਂ ਚਾਚਿਆ-ਮਾਮਿਆਂ ਨਾਲ ਬੋਲ-ਚਾਲ ਹੈਗਾ ਵੀ ਹੈ ਜਾਂ ਨਹੀਂ, ਪਰ ਜਦੋਂ ਇਹੋ ਜਿਹੀ ਗੱਲ ਦਾ ਪਤਾ ਲੱਗਦਾ ਹੈ ਤਾਂ ਸਾਰੇ ਦੋਸਤ-ਦੁਸ਼ਮਣ ਇੱਕ ਹੋ ਜਾਂਦੇ ਹਨ ਤੇ ਗਿਣ-ਗਿਣ ਕੇ ਬਦਲੇ ਲੈਂਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਬਹੁਤ ਸਿਆਣੀ ਹੈ। ਉਹ ਸੌ ਵਾਰ ਸੋਚਦੀ ਤੇ ਫਿਰ ਹੀ ਅੱਗੇ ਤੁਰਦੀ ਹੈ; ਇਹ ਗੱਲ ਵੱਖਰੀ ਹੈ ਕਿ ਸਾਨੂੰ ਅਜੇ ਤੱਕ ਇਸ ਦੀ ਆਦਤ ਨਹੀਂ ਪਈ। ।
ਆਓ ਸਾਦ-ਮੁਰਾਦੇ ਵਿਆਹ ਰਚਾਈਏ ਅਤੇ ਸਭ ਦੀ ਝੋਲੀ ਖੁਸ਼ੀਆਂ ਪਾਈਏ। ਜੇ ਦਾਨ-ਪੁੰਨ ਕਰਨਾ ਹੀ ਹੈ ਤਾਂ ਗ਼ਰੀਬਾਂ ਵਿੱਚ ਕਰੋ, ਗ਼ਰੀਬੀ ਨੂੰ ਹਟਾਓ। ਫੂੰ-ਫਾਂਹ ਦੀ ਦੁਨੀਆਂ ਛੱਡ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਅਤੇ ਫਿਰ ਦੇਖੋ, ਵਿਆਹ-ਸ਼ਾਦੀ ਕਰਨ ਦਾ ਮਜ਼ਾ ਕੁਝ ਹੋਰ ਹੀ ਹੋਵੇਗਾ। ਜਿੱਥੋਂ ਤੱਕ ਸੰਭਵ ਹੋ ਸਕੇ, ਵਿਆਹ ਵਾਲੇ ਪਕਵਾਨ ਘਰ ਵਿੱਚ ਹੀ ਤਿਆਰ ਕੀਤੇ ਜਾਣ। ਇੱਕ ਤਾਂ ਖ਼ਰਚਾ ਘੱਟ ਆਵੇਗਾ ਤੇ ਦੂਸਰਾ ਆਇਆ ਮੇਲ ਬੀਮਾਰ ਨਹੀਂ ਹੋਵੇਗਾ। ਸਿਆਣਿਆਂ ਦਾ ਕਿਹਾ ਸੱਚ ਹੈ ਕਿ ਧੀ ਦਾ ਦਾਨ ਮਹਾਂ-ਦਾਨ ਹੈ। ਇਸ ਪੁੰਨ ਦਾ ਵਧੇਰੇ ਲਾਭ ਲੈਣ ਲਈ ਡੋਲੀ ਘਰ ਤੋਂ ਤੋਰੋ ਅਤੇ ਵਿੱਦਿਆ ਦੇ ਗਹਿਣੇ ਪਾਓ; ਇਸ ਵਿੱਚ ਹੀ ਸਭ ਦੀ ਭਲਾਈ ਹੈ, ਕਿਉਂ ਕਿ ਸਾਦ-ਮੁਰਾਦੇ ਵਿਆਹ ਹੀ ਸਮਾਜ ਦੇ ਗੌਰਵ ਨੂੰ ਚਾਰ ਚੰਨ ਲਗਾ ਸਕਦੇ ਹਨ ।

-ਦਲਵੀਰ ਸਿੰਘ ਲੁਧਿਆਣਵੀ, ਲੁਧਿਆਣਾ
2:13 PM | 0 comments

ਗਿੱਲ ‘ਤੇ ਸ਼ਾਨ ਦੇ ਦਿਹਾਂਤ ‘ਤੇ ਪੰਜਾਬੀ ਅਕਾਡਮੀ ਵਿਚ ਸੋਗ

Written By ਲਫ਼ਜ਼ਾਂ ਦਾ ਸੇਵਾਦਾਰ on Saturday, June 11, 2011 | 1:10 PM

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉੱਘੇ ਵਿਦਵਾਨ ਹਰਨਾਮ ਸਿੰਘ ਸ਼ਾਨ ਅਤੇ ਕੈਨੇਡਾ ਵਿਚ ਅਕਾਡਮੀ ਦੇ ਕਨਵੀਨਰ ਅਤੇ ਉੱਘੇ ਪੰਜਾਬੀ ਕਵੀ ਦਰਸ਼ਨ ਗਿੱਲ ਦੇ ਦਿਹਾਂਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਡਾ• ਸ਼ਾਨ ਦੀ ਮੌਤ ਨਾਲ ਇਕ ਸੁੱਘੜ ਵਿਦਵਾਨ, ਨਿਰਪੱਖ ਸੰਪਾਦਕ ਅਤੇ ਗੁਰਬਾਣੀ ਦੇ ਗਿਆਤਾ ਪੰਜਾਬੀ ਸਾਹਿਤ ਜਗਤ ਤੋਂ ਹਮੇਸ਼ਾ ਲਈ ਵਿੱਛੜ ਗਏ ਹਨ । ਅਕਾਡਮੀ ਪ੍ਰਧਾਨ ਗੁਰਭਜਨ ਸਿੰਘ ਗਿੱਲ ਮੁਤਾਬਕ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੋਢੀ ਮੈਂਬਰ ਵਿਚੋਂ ਇਕ ਡਾ• ਸ਼ਾਨ ਪੰਜਾਬੀ ਸਾਹਿਤ ਦੀ ਸ਼ਾਨ ਸਨ ਅਤੇ ਉਨ੍ਹਾਂ ਵਲੋਂ ਲਿਖੀ ਪੁਸਤਕ ਸੱਸੀ ਹਾਸ਼ਿਮ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਪਹਿਲੀ ਪ੍ਰਕਾਸ਼ਨਾ ਹੋਣ ਦਾ ਮਾਣ ਮਿਲਿਆ। ਪਿਛਲੇ ਮਹੀਨੇ ਅਕਾਡਮੀ ਦੀ ਕਾਰਜਕਾਰਨੀ ਵਿਚ ਇਸ ਪੁਸਤਕ ਦਾ ਦੁਬਾਰਾ ਪ੍ਰਕਾਸ਼ਨ ਦਾ ਫ਼ੈਸਲਾ ਲਿਆ ਗਿਆ ਸੀ। ਜਿਸ ਉਪਰ ਡਾ• ਸ਼ਾਨ ਨੇ ਬਹੁਤ ਖ਼ੁਸ਼ੀ ਪ੍ਰਗਟਾਈ ਸੀ। ਇਸ ਤੋਂ ਇਲਾਵਾ ਕਿੱਸਾ ਕਵੀ ਛੱਜੂ ਰਾਮ ਦੀਆਂ ਲਿਖਤਾਂ ਵੀ ਉਨ੍ਹਾਂ ਨੇ ਪੰਜਾਬੀ ਸਾਹਿਤ ਅਕਾਡਮੀ ਨੂੰ ਸੌਂਪਣ ਦਾ ਸੁਨੇਹਾ ਦਿੱਤਾ ਸੀ।

ਪੰਜਾਬੀ ਅਕਾਡਮੀ ਵੱਲੋਂ ਜਾਰੀ ਕੀਤੇ ਗਏ ਇੱਕ ਸ਼ੋਕ ਪੱਤਰ ਵਿਚ ਦੱਸਿਆ ਗਿਆ ਹੈ ਕਿ ਅੱਜ ਭਾਰਤੀ ਸਮੇਂ ਅਨੁਸਾਰ 4 ਵਜੇ ਦਰਸ਼ਨ ਗਿੱਲ ਦਾ ਸਰੀ  ਵਿਖੇ ਦਿਹਾਂਤ ਹੋ ਗਿਆ ਹੈ। ਉਹ ਲਗਭਗ 70 ਵਰ੍ਹਿਆਂ ਦੇ ਸਨ। ਦਰਸ਼ਨ ਗਿੱਲ ਦਾ ਕੈਨੇਡਾ ਵਿਚ ਸਾਹਿਤਕ ਸਰਗਰਮੀਆਂ, ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਸਾਹਿਤ ਦੇ ਪਾਸਾਰ ਲਈ ਅਹਿਮ ਯੋਗਦਾਨ ਸੀ, ਜਿਸ ਲਈ ਉਨ੍ਹਾਂ ਨੂੰ ਹਮੇਸ਼ਾ ਚੇਤੇ ਕੀਤਾ ਜਾਵੇਗਾ। ਗੁਰਭਜਨ ਗਿੱਲ ਨੇ ਦੱਸਿਆ ਦਰਸ਼ਨ ਗਿੱਲ ਕੈਨਡਾ ਵਿਚ ਪਹਿਲਾ ਮਾਸਿਕ ਪੱਤਰ ਵਤਨੋਂ ਦੂਰ ਆਰੰਭ ਕਰਨ ਵਾਲੀ ਟੀਮ ਦੇ ਮੁੱਖ ਮੈਂਬਰ ਸਨ।

ਪ੍ਰਧਾਨ ਗੁਰਭਜਨ ਸਿੰਘ ਗਿੱਲ ਦੇ ਨਾਲ ਹੀ ਸਾਬਕਾ ਪ੍ਰਧਾਨ ਸੁਰਜੀਤ ਪਾਤਰ, ਸੀਨੀਅਰ ਮੀਤ ਪ੍ਰਧਾਨ, ਸੁਖਜੀਤ, ਸਾਬਕਾ ਜਨਰਲ ਸਕੱਤਰ ਰਵਿੰਦਰ ਭੱਠਲ, ਕਾਰਜਕਾਰਨੀ ਮੈਂਬਰ ਨਿਰਮਲ ਜੌੜਾ, ਤ੍ਰਿਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਸੁਦਰਸ਼ਨ ਗਾਸੋ ਨੇ ਗਿੱਲ ਦੀ ਮੌਤ ‘ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।ਇਸ ਦੇ ਨਾਲ ਹੀ ਹਰਨਾਮ ਸਿੰਘ ਸ਼ਾਨ ਦੇ ਦਿਹਾਂਤ ਤੇ ਉਪਰੋਕਤ ਅਹੁਦੇਦਾਰਾਂ ਦੇ ਨਾਲ ਨਾਲ ਅਕਾਡਮੀ ਦੀ ਕਾਰਜਕਾਰਨੀ ਦੇ ਮੈਂਬਰ ਅਨੂਪ ਸਿੰਘ ਬਟਾਲਾ, ਲਾਭ ਸਿੰਘ ਖੀਵਾ, ਸੁਸ਼ੀਲ ਦੁਸਾਂਝ ਅਤੇ ਜਗਵਿੰਦਰ ਸਿੰਘ ਨਿਰਾਲਾ ਨੇ ਵੀ ਡਾ. ਸ਼ਾਨ ਦੀ ਮੌਤ ਤੇ ਡੂੰਘ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
1:10 PM | 0 comments

ਵਿਅੰਗ-ਸਟਿੰਗ ਅਪ੍ਰੇਸ਼ਨ: ਫ਼ਕੀਰ ਚੰਦ ਸ਼ੁਕਲਾ

Written By ਲਫ਼ਜ਼ਾਂ ਦਾ ਸੇਵਾਦਾਰ on Friday, June 10, 2011 | 1:53 PM

   ਜਦੋਂ ਦਾ ਇੱਕ ਟੀ.ਵੀ. ਚੈਨਲ ਨੇ ਸਟਿੰਗ ਅਪ੍ਰੇਸ਼ਨ ਰਾਹੀਂ ਤਹਲਕਾ ਮਚਾ ਦਿੱਤਾ ਸੀ ਤਾਂ ਹਰ ਵਰਗ ਦੇ ਲੋਕਾਂ ਵਿਚ ਇਕ ਤਰ੍ਹਾਂ ਦੀ ਦਹਿਸ਼ਤ ਜਹੀ ਫੈਲ ਗਈ ਸੀ ਕਿ ਕੀ ਪਤਾ ਕਦੋਂ ਕਿਸ ਦਾ ਨੰਬਰ ਲਾ ਕੇ ਜਲੂਸ ਕੱਢ ਦੇਣ।
ਫ਼ਕੀਰ ਚੰਦ ਸ਼ੁਕਲਾ
ਦਿੱਲੀ ਦੀ ਇੱਕ ਟੀਚਰ, ਮੰਨਿਆ-ਪ੍ਰਮੰਨਿਆ ਲੀਡਰ, ਫਿਲਮੀ ਐਕਟਰ...ਗੱਲ ਕੀ ਹਰ ਵਰਗ ਤੇ ਇਸ ਟੀ.ਵੀ. ਚੈਨਲ ਵਾਲਿਆਂ ਦਾ ਕੈਮਰਾ ਘੁੰਮੀ ਗਿਆ ਤੇ ਆਮ ਲੋਕਾਂ ਦੀ ਤਾਂ ਗੱਲ ਹੀ ਕੀ ਕਰਨੀ ਵੱਡੇ-ਵੱਡੇ ਨਾਢੂ ਖਾਹਾਂ ਦੀ ਨੀਂਦਰ ਵੀ ਉੱਡ ਗਈ ਸੀ। ਹਰ ਇਕ ਨੂੰ ਇਹੋ ਡਰ ਸਤਾਈ ਜਾ ਰਿਹਾ ਸੀ ਕਿ ਕਿਤੇ ਉਸ ਦੇ ਮਗਰ ਹੀ ਕੈਮਰਾ ਲੈ ਕੇ ਨਾ ਆ ਗਏ ਹੋਣ। ਇਸ ਚੈਨਲ ਵਾਲਿਆਂ ਨੇ ਤਾਂ ਲੋਕਾਂ ਦੇ ਬੈੱਡਰੂਮ,ਵਾਸ਼ਰੂਮ ਤੱਕ ਨਹੀਂ ਬਖਸ਼ੇ ਸਨ।
    ਜਦੋਂ ਹਰ ਪਾਸੇ ਇਸ ਤਰ੍ਹਾਂ ਦਾ ਡਰ ਪੱਸਰ ਰਿਹਾ ਸੀ ਤਾਂ ਸਾਡੇ ਲੇਖਕ, ਪ੍ਰਕਾਸ਼ਕ, ਆਲੋਚਕ ਆਦਿ ਕਿਵੇਂ ਚਿੰਤਾਗ੍ਰਸਤ ਨਾ ਹੁੰਦੇ। ਉਹ ਸਾਰੇ ਇਕ ਥ੍ਹਾਂ ਤੇ ਇਕੱਠੇ ਹੋ ਗਏ ਸਨ। ਉਂਜ ਵੇਖਿਆ ਜਾਵੇ ਤਾਂ ਕਿੱਡੀ ਹੈਰਾਨੀ ਵਾਲੀ ਗੱਲ ਸੀ ਕਿ ਇੱਕੋ ਛੱਤ ਹੇਠਾਂ ਕਵੀ, ਪ੍ਰਕਾਸ਼ਕ, ਆਲੋਚਕ, ਪ੍ਰੋਫੈਸਰ ਆਦਿ ਇਸ ਭਿਆਨਕ ਸਮੱਸਿਆ ਤੋਂ ਬਚਾਅ ਦੇ ਤਰੀਕੇ ਲੱਭਣ ਲਈ ਇਕੱਠੇ ਹੋਏ ਸਨ।
    ਸਾਰਿਆਂ ਨੇ ਪਹਿਲਾਂ ਹੀ ਪੈਸੇ ’ਕੱਠੇ ਕਰਕੇ ਦਾਰੂ ਮੰਗਵਾ ਲਈ ਸੀ ਤੇ ਕੁੱਕੜ ਮਹਾਰਾਜ ਵੀ ਭੁੰਨੇ ਹੋਏ ਰੂਪ ਵਿਚ ਪਲੇਟਾਂ ਵਿਚ ਆ ਬਿਰਾਜੇ ਸਨ।
    ਦਾਰੂ ਦੇ ਦੋ ਤਿੰਨ ਮੋਟੇ ਪੈੱਗ ਲਗਾਉਣ ਮਗਰੋਂ ਇਕ ਭਾਰਾ ਜਿਹਾ ਕਵੀ ਬੋਲਿਆ, “ਦੋਸਤੋ! ਤੁਸੀਂ ਸਾਰੇ ਜਾਣਦੇ ਈ ਹੋ ਕਿ ਅੱਜਕੱਲ ਇਕ ਟੀ.ਵੀ. ਚੈਨਲ ਚੰਗੇ ਭਲੇ ਲੋਕਾਂ ਦੀ ਸਟਿੰਗ ਆਪਰੇਸ਼ਨ ਨਾਂਅ ਹੇਠਾਂ ਮਿੱਟੀ ਪਲੀਦ ਕਰਨ ‘ਤੇ ਤੁਲਿਆ ਹੋਇਐ। ਪਤਾ ਨਹੀਂ ਕਦੋਂ ਸਾਡੇ ਵਿੱਚੋਂ ਕਿਸੇ ਦਾ ਨੰਬਰ ਲੱਗ ਜਾਵੇ। ਅਸੀਂ ਭਾਵੇਂ ਪਾਤਾਲ ਵਿਚ ਵੀ ਲੁਕ ਜਾਈਏ, ਇਨ੍ਹਾਂ ਸਟਿੰਗ ਆਪਰੇਸ਼ਨ ਵਾਲਿਆਂ ਨੇ ਅਸਾਂ ਨੂੰ ਲੱਭ ਈ ਲੈਣੈ।
ਇੰਜ ਆਖਦਿਆਂ-ਆਖਦਿਆਂ ਉਹ ਰੱਤਾ ਰੁਕ ਗਿਆ ਸੀ।ਉਸ ਨੇ ਇਕ ਬਜ਼ੁਰਗ ਕਵੀ ਵੱਲ ਇਸ਼ਾਰਾ ਕਰਦਿਆਂ ਆਖਿਆ, “ਬਾਬਿਓ,ਆਹ ਰੱਤਾ ਗਲਾ ਤਾਂ ਤਰ ਕਰਵਾ ਦਿਓ, ਐਵੇਂ ਭੌਂਕ-ਭੌਂਕ ਕੇ ਖੁਸ਼ਕ ਹੋ ਗਿਐ।”
    ਬਜ਼ੂਰਗ ਕਵੀ ਨੇ ਗਿਲਾਸ ਵਿਚ ਦਾਰੂ ਪਾਕੇ ਗਿਲਾਸ ਉਸ ਨੂੰ ਫੜਾ ਦਿੱਤਾ ਅਤੇ ਉਸ ਭਾਰੇ ਕਵੀ ਨੇ ਇੱਕੋ ਡੀਕ ਵਿਚ ਖਾਲੀ ਕਰ ਦਿੱਤਾ ਤੇ ਫੇਰ ਕਹਿਣ ਲੱਗਿਆ, “ਭਰਾਵੋ, ਇਹ ਤਾਂ ਅਸੀਂ ਸਾਰੇ ਜਾਣਦੇ ਹੀ ਆਂ ਕਿ ਏਸ ਹਮਾਮ ’ਚ ਅਸੀਂ ਸਾਰੇ ਨੰਗੇ ਆਂ। ਫੇਰ ਵੀ ਤੁਸੀਂ ਵਾਰੀ-ਵਾਰੀ ਆਪਣੇ ਕਾਰਨਾਮਿਆਂ ਬਾਰੇ ਚਾਨਣ ਪਾਓ, ਤਾਂ ਜੋ ਬਚਾਅ ਦਾ ਕੋਈ ਤਰੀਕਾ ਲੱਭ ਸਕੀਏ।” ਇਕ ਪਲ ਰੁਕ ਕੇ ਉਸ ਨੇ ਬਜ਼ੁਰਗ ਕਵੀ ਨੂੰ ਆਖਿਆ, “ਲਓ ਬਾਬਿਓ, ਤੁਸੀਂ ਈ ਕਰੋ ਸ਼ੁਰੂਆਤ..”
    ਬਜ਼ੁਰਗ ਕਵੀ ਨੇ ਗਿਲਾਸ ’ਚ ਪਈ ਦਾਰੂ ਦਾ ਇਕ ਵੱਡਾ ਸਾਰਾ ਘੁੱਟ ਭਰ ਲਿਆ ਤੇ ਫੇਰ ਆਖਣ ਲੱਗਾ, “ਉਹ ਮੈਂ ਭਾਈ ਕੀ ਦੱਸਣੈ। ਮੈਂ ਤਾਂ ਲਿਖਣ ਨਾਲ ਈ ਗੁਜਾਰਾ ਕਰਦੈਂ। ਮੇਰੇ ਕਿਹੜਾ ਹੱਲ ਚੱਲਦੇ ਨੇ” ਉਸ ਨੇ ਮੁੜ ਦਾਰੂ ਦਾ ਇਕ ਵੱਡਾ ਸਾਰਾ ਘੁੱਟ ਭਰਦਿਆਂ ਕਿਹਾ, “ਸਹੁਰੀ ਦੇ ਜਦੋਂ ਤੱਕ ਇਕ ਦੋ ਪੈੱਗ ਅੰਦਰ ਨੀ ਜਾਂਦੇ..ਅੱਖਾਂ ਈ ਨੀ ਖੁੱਲ੍ਹਦੀਆਂ।”
    “ਓਹ ਬਜ਼ੁਰਗੋ! ਅਸਲੀ ਗੱਲ ਤੇ ਆਓ” ਕਿਸੇ ਇਕ ਜਣੇ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ।
    “ਕਾਹਲਾ ਕਿਉਂ ਪੈਂਦੈ ਯਾਰ।ਅਸਲੀ ਗੱਲ ਤੇ ਈ ਆ ਰਿਹਾ ਆਂ। ਭਾਈ ਮੈਂ ਤਾਂ ਗੀਤ-ਗਜ਼ਲਾਂ ਲਿਖ ਕੇ ਆਪਣੀ ਦਾਲ ਰੋਟੀ ਚਲਾਉਂਦੈ। ਸ਼ੌਹਰਤ ਦੀਆਂ ਭੁੱਖੀਆਂ ਬੀਬੀਆਂ ਮੈਥੋਂ ਗੀਤ ਗਜ਼ਲਾਂ ਲਿਖਵਾ ਕੇ ਆਪਣੇ ਨਾਂਅ ਤੇ ਕਵੀ ਸੰਮੇਲਨਾਂ ਵਿਚ ਪੜ੍ਹ ਆਉਂਦੀਆਂ ਨੇ ਤੇ ਬਦਲੇ ’ਚ ਮੈਨੂੰ ਪੈਸੇ ਮਿਲ ਜਾਂਦੇ ਨੇ।”
    “ਪਰ ਏਹਦੇ ’ਚ ਡਰ ਆਲੀ ਕਿਹੜੀ ਗੱਲ ਆ” ਟੋਲੇ ’ਚੋਂ ਇਕ ਜਣੇ ਨੇ ਰੱਤਾ ਖਿਝ ਕੇ ਕਿਹਾ, “ਮਾਲ ਵੇਚ ਦਿੱਤਾ ਤੇ ਪੈਸੇ ਵੱਟ ਲਏ।”
    “ਉਹ ਨਹੀਂ ਯਾਰ। ਐਥੇ ਈ ਤਾਂ ਗੜਬੜ ਹੋ ਗਈ। ਦਰਅਸਲ ਮੈਂ ਕੋਈ ਵੀ ਲਿਖਤ ਲਿਖਣ ਮਗਰੋਂ ਉਸ ਦੀ ਫੋਟੋ-ਸਟੇਟ ਕਾਪੀਆਂ ਕਰਵਾ ਲੈਂਦਾਂ, ਪਰ ਪਿੱਛੇ ਜਹੇ ਮੇਰੀ ਗੈਰ ਹਾਜ਼ਰੀ ਵਿਚ ਮੇਰੇ ਘਰੋਂ ਦੋ ਬੀਬੀਆਂ ਇੱਕੋ ਗਜ਼ਲ ਦੀਆਂ ਕਾਪੀਆਂ ਚੁੱਕ ਕੇ ਲੈ ਗਈਆਂ ਤੇ ਬਦਕਿਸਮਤੀ ਨਾਲ ਇੱਕੋ ਕਵੀ ਦਰਬਾਰ ਵਿਚ ਪੜ੍ਹਨ ਲਈ ਪਹੁੰਚ ਗਈਆਂ। ਜਦੋਂ ਇਕ ਜਣੀ ਨੇ ਪੜ੍ਹੀ ਤਾਂ ਦੂਜੀ ਨੇ ਤਾਂ ਉੱਥੇ ਈ ਰੌਲਾ ਪਾ ਦਿੱਤਾ ਕਿ ਇਹ ਤਾਂ ਉਸ ਦੀ ਲਿਖੀ ਗਜ਼ਲ ਏ। ਬਸ ਦੋਵੋਂ ਇਕ ਦੂਜੇ ਦੀ ਗੁੱਤਾਂ ਪੱਟਣ ਲੱਗ ਪਈਆਂ।”
    “ਉਹ ਬਜ਼ੁਰਗੋ ਏਹਦੇ ’ਚ ਥੋਨੂੰ ਡਰ ਕਾਹਦਾ। ਪਹਿਲਾਂ ਵੀ ਤਾਂ ਤੁਸੀਂ ਇਕ ਬੀਬੀ ਨੂੰ ਪੂਰੀ ਕਿਤਾਬ ਲਿਖ ਕੇ ਦਿੱਤੀ ਸੀ।” ਮੌਜੂਦ ਸਾਥੀਆਂ ’ਚੋਂ ਕਿਸੇ ਨੇ ਭੇਤ ਖੋਲਿਆ।
    “ਓਸ ਦੇ ਤਾਂ ਭਾਈ ਮੈਂ ਦਸ ਹਜ਼ਾਰ ਰੁਪਏ ਲਏ ਸੀ। ਬੀਬੀ ਨੂੰ ਕਿਤਾਬ ਤੇ ਐਵਾਰਡ ਮਿਲ ਗਿਆ, ਪਰ ਸਮਾਗਮ ’ਚ ਦੋ ਅੱਖਰ ਵੀ ਨਾ ਬੋਲ ਸਕੀ ਸੀ। ਗੀਤਾਂ ਗਜ਼ਲਾਂ ਬਾਰੇ ਤਾਂ ਕੀ ਬੋਲਣਾ ਸੀ।”
    “ਬੰਦ ਕਰ ਬਜ਼ੁਰਗੋ ਆਪਣੀ ਰਾਮ ਕਹਾਣੀ, ਏਸ ’ਚ ਨੀ ਕੁਝ ਸੁਆਦ ਆ ਰਿਹਾ।”
    ...ਤੇ ਫੇਰ ਭਾਰੇ ਕਵੀ ਨੇ ਇਕ ਉੱਘੇ ਕਵੀ ਵੱਲ ਇਸ਼ਾਰਾ ਕਰਦਿਆਂ ਕਿਹਾ, “ਹਾਂ ਤੁਸੀਂ ਪਾਓ ਜੀ ਕੁਝ ਚਾਨਣ ਆਪਣੇ ਬਾਰੇ...”
    “ਮੈਂ ਕੀ ਕਹਿਣੈ? ਮੇਰੇ ਬਾਰੇ ਤਾਂ ਪਹਿਲਾਂ ਈ ਰੌਲਾ ਪਾਇਆ ਹੋਇਆ ਕਿ ਮੈਂ ਇਕ ਸੁਹਣੀ ਕਵਿੱਤਰੀ ਨੂੰ ਨਾ ਸਿਰਫ ਗੀਤ ਲਿਖ ਕੇ ਦੇਂਦੈ ਸਗੋਂ ਉਸ ਨੂੰ ਮਾਨ-ਸਨਮਾਨ ਦਵਾਉਣ ਲਈ ਲੋਕਾਂ ਮਗਰ ਪੂਛ ਹਿਲਾਉਣ ਤੋਂ ਵੀ ਨਹੀਂ ਸੰਗਦਾ। ਦੱਸੋ ਭਲਾ ਕਿਸੇ ਨੂੰ ਕੀ ਤਕਲੀਫ! ਮੈਂ ਤਾਂ ਉਸ ਦਾ ਗੁਰੂ ਆਂ..।”
    “ਤੇ ਗੁਰੂ ਦੱਛਣਾ ’ਚ ਜੋ ਮਰਜੀ ਛਕੀ ਜਾਓ, ਕਿਸੇ ਨੂੰ ਤਕਲੀਫ ਤਾਂ ਨਹੀਂ ਹੋਣੀ ਚਾਹੀਦੀ।” ਇਕ ਹੋਰ ਬੋਲਿਆ ਤਾਂ ਸਾਰੇ ਖਿੜ ਖਿੜਾ ਕੇ ਹੱਸ ਪਏ।
    “ਏਸ ਨੂੰ ਤਾਂ ਏਹੋ ਡਰ ਸਤਾ ਰਿਹੈ ਬਈ ਜੇ ਕਿਤੇ ਗੁਰੂ ਦਕਸ਼ਨਾ ਲੈਂਦੇ ਵੇਲੇ ਸਟਿੰਗ ਅਪ੍ਰੇਸ਼ਨ ਹੋ ਗਿਆ ਤਾਂ ..।”
    ਇਕ ਪਲ ਪਹਿਲਾਂ ਸਾਰਿਆਂ ਦੇ ਚਿਹਰੇ ਤੇ ਆਈ ਮੁਸਕਾਨ ਪਲ ਭਰ ਵਿਚ ਹੀ ਚਿੰਤਾ ਵਿਚ ਬਦਲ ਗਈ ਸੀ।
    ਹੁਣ ਸਾਹਿਤਕ ਕਿਤਾਬਾਂ ਦਾ ਇੱਕ ਪ੍ਰਕਾਸ਼ਕ ਆਪਣੇ ਬਾਰੇ ਦੱਸਣ ਲੱਗਾ ਸੀ, “ਮੈਂ ਕਿਤਾਬਾਂ ਛਾਪਣ ਦੇ ਮੂੰਹ ਮੰਗੇ ਪੈਸੇ ਲੈਂਦਾ ਆਂ। ਦੇਸ ਵਿਦੇਸ਼ ਤੋਂ ਲੋਕੀ ਆਪਣੀਆਂ ਕਿਤਾਬਾਂ ਛਪਵਾਉਣ ਲਈ ਮੇਰੇ ਮਗਰ ਲੱਗੇ ਰਹਿੰਦੇ ਨੇ। ਪਰ ਪਤਾ ਨਹੀਂ ਕਦੋਂ ਇਕ ਕਵਿੱਤਰੀ ਮੇਰੇ ਨੇੜੇ ਆਉਂਦੀ ਗਈ। ਬਸ ਹੁਣ ਤਾਂ ਮੈਨੂੰ ਜਿਵੇਂ ਚਸਕਾ ਈ ਲੱਗ ਗਿਐ, ਪਰ ਮੇਰੇ ਕੋਲ ਜ਼ਿਆਦਾਤਰ ਅੱਧਖੜ ਉਮਰ ਦੀਆਂ ਜਨਾਨੀਆਂ ਈ ਕਿਤਾਬਾਂ ਛਪਵਾਉਂਦੀਆਂ ਨੇ। ਉਨ੍ਹਾਂ ’ਚੋਂ ਕਈਆਂ ਨੂੰ ਮੈਂ ਹੋਟਲਾਂ ’ਚ ਅਕਸਰ ਲੈ ਜਾਂਦਾ ਹਾਂ। ਕੋਈ ਬਹੁਤਾ ਸ਼ੱਕ ਵੀ ਨੀ ਕਰਦਾ। ਪਰ ਹੁਣ ਇਹੋ ਡਰ ਖਾਈ ਜਾ ਰਿਹੈ ਕਿ ਜੇ ਕਿਤੇ ਕਿਸੇ ਹੋਟਲ ਵਿਚ ਚੈਨਲ ਵਾਲਿਆਂ ਦਾ ਖੂਫੀਆ ਕੈਮਰਾ ਲੱਗਿਆ ਹੋਇਆ ਤਾਂ..”।
    “ਨਾਲੇ ਰਾਸ ਲੀਲਾ ਕਰੀ ਜਾਂ ਰਿਹੈ ਤੇ ਨਾਲੇ ਡਰੀ ਵੀ ਜਾ ਰਿਹੈ”, ਬਜ਼ੁਰਗ ਕਵੀ ਨੂੰ ਹੁਣ ਚੜ੍ਹ ਗਈ ਜਾਪਦੀ ਸੀ।
    “ਤੁਸੀਂ ਵੀ ਕੁਝ ਚਾਨਣ ਪਾਓ ਪ੍ਰੋਫੈਸਰ ਸਾਹਿਬ! ਤੁਸੀਂ ਤਾਂ ਬੀਬੀਆਂ ਨੂੰ ਵਾਹਵਾ ਡਿਗਰੀਆਂ ਦੁਆਂਦੇ ਓਂ”, ਉੱਘੇ ਕਵੀ ਨੇ ਯੂਨੀਵਰਸਟੀ ਦੇ ਪ੍ਰੋਫੈਸਰ ਦੇ ਖਾਲੀ ਗਿਲਾਸ ਵਿਚ ਹੋਰ ਦਾਰੂ ਪਾਉਂਦਿਆਂ ਆਖਿਆ।
    ਪ੍ਰੋਫੈਸਰ ਸਾਹਿਬ ਨੇ ਇਕੋ ਡੀਕ ਵਿਚ ਗਿਲਾਸ ਖਾਲੀ ਕਰ ਦਿੱਤਾ ਤੇ ਫੇਰ ਮੁੱਛਾ ਤੇ ਹੱਥ ਫੇਰਦਿਆਂ ਦੱਸਣ ਲੱਗਾ, “ਮੇਰੇ ਕੋਲ ਤਾਂ ਜਿਹੜੀ ਵੀ ਬੀਬੀ ਆਉਂਦੀ ਸੀ ਮੈਂ ਝੱਟ ਆਖ ਦੇਂਦਾ ਸਾਂ ਕਿ ਭਾਈ ਤੂੰ ਸਿਰਫ ਫਾਰਮਾਂ ਤੇ ਦਸਤਖ਼ਤ ਕਰਨੇ ਨੇ। ਵੀਹ ਹਜ਼ਾਰ ਫੜਾ ਜਾ ਤੇ ਐਮ.ਫਿੱਲ ਦੀ ਡਿਗਰੀ ਪੱਕੀ।”
    “ਸਾਲਿਆ ਇਕ ਐਮ. ਫਿੱਲ. ਦੇ ਐਨੇ ਪੈਸੇ! ਤਾਂਹੀਓ ਤੇਰੀ ਗੋਗੜ ਨਿਕਲੀ ਹੋਈ ਐ ਤੇ..”  ਪ੍ਰਕਾਸ਼ਕ ਨੇ ਹਾਲੇ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਆਲੋਚਕ ਨੇ ਟੋਕ ਦਿੱਤਾ, “ਯਾਰ ਵਿਚ ਨੀ ਬੋਲਣਾ। ਹਾਂ ਜੀ ਪ੍ਰੋਫੈਸਰ ਸਾਹਿਬ ਜਾਰੀ ਰੱਖੋ ਆਪਣੀ ਦਾਸਤਾਨ...”
    “ਹਾਂ ਬਈ ਬੜੀ ਫਸਟ ਕਲਾਸ ਚੱਲ ਰਹੀ ਸੀ ਆਪਣੀ ਦੁਕਾਨਦਾਰੀ, ਪਰ ਇਕ ਵਾਰੀ ਇੱਕ ਬਹੁਤ ਹੀ ਸੁਹਣੀ ਕੁੜੀ ਕਹਿਣ ਲੱਗੀ ਕਿ ਮੈਂ ਐਨੇ ਪੈਸੇ ਨੀ ਦੇ ਸਕਦੀ, ਕੁਝ ਰੀਬੇਟ ਦਿਓ..”
    ਮੈਂ ਕਿਹਾ ਰਿਬੇਟ ਦੇਣ ਨਾਲ ਮੈਨੂੰ ਕੀ ਮਿਲੂਗਾ, ਉਹ ਬੋਲੀ-ਜੋ ਵੀ ਤੁਸੀਂ ਮੰਗੋਗੇ..।
…...ਤੇ ਭਾਈ ਹੁਣ ਅਕਸਰ ਮੈਂ ਕਿਸੇ ਨਾ ਕਿਸੇ ਨੂੰ ਰਿਬੇਟ ਦੇਂਦਾ ਰਹਿੰਦਾ ਆਂ ਤੇ ਜ਼ਿਆਦਾਤਰ ਰਿਸਰਚ ਵੀ ਆਪਣੇ ਘਰ ਈ ਕਰਵਾਉਂਦਾ ਹਾਂ। ਤੁਹਾਨੂੰ ਤਾਂ ਪਤਾ ਈ ਹੋਣੈ ਕਿ ਮੇਰੀ ਪਤਨੀ ਤਾਂ ਦੂਰ ਕਿਸੇ ਸ਼ਹਿਰ ਵਿਚ ਜੌਬ ਕਰਦੀ ਐ। ਉਹ ਤਾਂ ਦੋ ਚਾਰ ਮਹੀਨਿਆਂ ਮਗਰੋਂ ਈ ਆਉਂਦੀ ਐ। ਮੈਂ ਹੀ ਜਾਕੇ ਉਸ ਨੂੰ ਅਤੇ ਬੱਚਿਆਂ ਨੂੰ ਮਿਲ ਆਉਂਦੈ। ਮੈਨੂੰ ਤਾਂ ਹੁਣ ਇਹੋ ਡਰ ਰਹਿੰਦੈ ਕਿ ਕਿਤੇ ਮੈਂ ਆਪਣੇ ਘਰ ਵਿਚ ਰਿਸਰਚ ਕਰਵਾ ਰਿਹਾ ਹੋਵਾਂ ਤੇ ਚੈਨਲ ਵਾਲਿਆਂ ਦਾ ਕੈਮਰਾ...” ਗੱਲ ਅਧੂਰੀ ਛੱਡ ਕੇ ਉਸ ਆਪਣਾ ਖਾਲੀ ਗਿਲਾਸ ਹੋਰ ਦਾਰੂ ਪਾਉਣ ਲਈ ਅੱਗੇ ਕਰ ਦਿੱਤਾ ਸੀ।
    ਤੇ ਹੁਣ ਆਲੋਚਕ ਦੀ ਵਾਰੀ ਸੀ। ਉਹ ਕਹਿਣ ਲੱਗਾ, “ਭਰਾਵੋ, ਮੈਂ ਕਿਹੜਾ ਤੁਹਾਤੋਂ ਵੱਖਰਾ ਆਂ। ਮੈਂ ਵੀ ਕਿਸੇ ਕਿਤਾਬ ਦੀ ਆਲੋਚਨਾ ਕਰਨ ਤੋਂ ਪਹਿਲਾਂ ਏਹ ਜ਼ਰੂਰ ਵੇਖ ਲੈਂਦੇ ਕਿ ਕਿਤਾਬ ਕਿਸ ਦੀ ਏ। ਕਿਸੇ ਬੀਬੀ ਦੀ ਹੋਈ ਤਾਂ ਉਸ ਨੂੰ ‘ਡਿਸਕਸ’ ਕਰਨ ਦੇ ਲਈ ਖੁਦ ਈ ਫੋਨ ਕਰ ਦਿੰਦਾ ਆਂ। ਉਸ ਦੀ ਸਾਹਿਤ ਕਲਾ ਤੇ ਵੱਡੇ-ਵੱਡੇ ਲੇਖ ਲਿਖਣ ਤੋਂ ਵੀ ਸੰਕੋਚ ਨਹੀਂ ਕਰਦਾ ਤੇ ਕੋਈ ਨਾ ਕੋਈ ਆ ਹੀ ਜਾਂਦੀ ਏ। ਬਸ ਮੈਨੂੰ ਵੀ ਏਹੋ ਡਰ ਸਤਾਈ ਜਾ ਰਿਹੈ ਕਿ ਏਧਰ ਮੈਂ ਕਿਸੇ ਲੇਖਿਕਾ ਨਾਲ ਸਾਹਿੱਤਕ ਵਿਚਾਰ ਵਟਾਂਦਰਾ ਕਰ ਰਿਹਾ ਹੋਵਾਂ ਤੇ ਓਧਰ ਅਚਨਚੇਤ ਚੈਨਲ ਵਾਲਾ ਮੇਰੀ ਐਸੀ ਤੈਸੀ ਫੇਰਣ ਲਈ ਫਿਲਮ ਸ਼ੂਟ ਕਰ ਰਿਹਾ ਹੋਵੇ।”
    ਤਦੇ ਉਨ੍ਹਾਂ ਨੂੰ ਜਾਪਿਆ ਜਿਵੇਂ ਕੋਈ ਬੂਹਾ ਖੋਲ੍ਹ ਕੇ ਅੰਦਰ ਆ ਗਿਆ ਹੋਵੇ। ਰਤਾ ਨੇੜੇ ਆਉਣ ਤੇ ਸਾਰਿਆਂ ਦੀਆਂ ਅੱਖਾਂ ਤਾਂ ਜਿਵੇਂ ਟੱਡੀਆਂ ਹੀ ਰਹਿ ਗਈਆਂ ਸਨ। ਇਕ ਬਹੁਤ ਹੀ ਖੂਬਸੂਰਤ ਮੁਟਿਆਰ ਖਲ੍ਹੋਤੀ ਸੀ।
    “ਉਏ ਏਹ ਤਾਂ ਉਹੀ ਕੁੜੀ ਏ ਜਿਹਨੂੰ ਮੈਂ ਗਜ਼ਲਾਂ ਲਿਖ ਕੇ ਦੇਂਦੈ” ਉੱਘਾ ਕਵੀ ਉੱਚੀ ਸੁਰ ਵਿਚ ਬੋਲ ਪਿਆ।
    “ਓਏ ਤੇਰੀ ਕਿੱਥੋਂ ਆ ਗੀ ਵੱਡੇ ਨਾਢੂ ਖ੍ਹਾਂ ਦੀ।” ਪ੍ਰਕਾਸ਼ਕ ਖਿਝ ਕੇ ਬੋਲਿਆ, “ਏਹ ਤਾਂ ਮੇਰੀ ਲੇਖਿਕਾ ਏ। ਮੈਂ ਏਸ ਨੂੰ ਪਤਾ ਨੀ ਰੌਯਲਟੀ ਦੇ ਕਿੰਨੇ ਕਿੰਨੇ ਚੈੱਕ ਦਿੱਤੇ ਨੇ”।
    “ਓਏ ਕੁਝ ਸ਼ਰਮ ਕਰੋ” ਬਜ਼ੁਰਗ ਕਵੀ ਨੇ ਸਾਰਿਆਂ ਨੂੰ ਜਿਵੇਂ ਫਟਕਾਰਦਿਆਂ ਆਖਿਆ, “ਏਹ ਤਾਂ ਉਹੀ ਬੀਬੀ ਆ ਜਿਹੜੀ ਮੈਥੋਂ ਗੀਤ ਲਿਖਵਾ ਕੇ ਲਜਾਂਦੀ ਐ।”
    “ਚੁੱਪ ਓਏ ਚੱਲੇ ਹੋਏ ਕਾਰਤੂਸ” ਪ੍ਰੋਫੈਸਰ ਵੀ ਖਿਝ ਕੇ ਬੋਲਿਆ, “ਕਬਰ ’ਚ ਲੱਤਾਂ ਨੇ ਤੇ ਐਵੇਂ ਲਾਰਾਂ ਟਪਕਾਈ ਜਾਂਦੈ। ਜਾਣਦੈ ਏਸ ਕੁੜੀ ਨੂੰ ਮੈਂ ਪੀ. ਐੱਚ. ਡੀ. ਕਰਵਾ ਕੇ ਨੌਕਰੀ ਵੀ ਲੁਆਈ ਏ।”
    ਛੇਤੀ ਹੀ ਉੱਥੇ ਚੀਖ਼-ਚਿਹਾੜਾ ਪੈ ਗਿਆ ਸੀ।
    ਉਨ੍ਹਾਂ ਰੱਤਾ ਅੱਖਾਂ ਫਾੜ ਕੇ ਵੇਖਿਆ। ਉੱਥੇ ਤਾਂ ਕੋਈ ਕੁੜੀ ਜਾਂ ਔਰਤ ਨਹੀਂ ਸੀ। ਬੂਹਾ ਵੀ ਅੰਦਰੋਂ ਬੰਦ ਸੀ।
    “ਸਹੁਰੀ ਦੇ ਐਵੇਂ ਸਾਈਕਿਕ ਹੋਈ ਜਾਂਦੇ ਨੇ” ਬਜ਼ੁਰਗ ਕਵੀ ਬੋਲਿਆ, “ਲੱਗਦੈ ਨਸ਼ੇ ਦਾ ਸਰੂਰ ਈ ਵਿਗੜ ਗਿਐ। ਲਿਆਓ ਕੱਢੋ ਪੈਸੇ, ਹੋਰ ਬੋਤਲਾਂ ਮੰਗਵਾਈਏ।”
    ਤੇ ਸਾਰੇ ਆਪਣੀ-ਆਪਣੀ ਜੇਬ ’ਚੋਂ ਬਟੂਏ ਕੱਢਣ ਲੱਗ ਪਏ। 
-ਫ਼ਕੀਰ ਚੰਦ ਸ਼ੁਕਲਾ, ਲੁਧਿਆਣਾ।
1:53 PM | 0 comments

ਪਲੀ ਵੱਲੋਂ ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ

Written By ਲਫ਼ਜ਼ਾਂ ਦਾ ਸੇਵਾਦਾਰ on Friday, February 25, 2011 | 1:26 AM

ਸਰੀ। 21 ਫਰਵਰੀ। ਜਰਨੈਲ ਸਿੰਘ ਸੇਖਾ।
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵੱਲੋਂ ਨੌਵਾਂ ਸਲਾਨਾ ‘ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ’ 20 ਫਰਵਰੀ, 2011 ਨੂੰ ਦੁਪਹਿਰ ਬਾਅਦ ਸਰੀ ਦੇ ਹਵੇਲੀ ਰੈਸਟੋਰੈਂਟ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਸਾਲ ਦੇ ਸਮਾਗਮ ਦਾ ਮੁੱਖ ਵਿਸ਼ਾ ਮਈ 2011 ਵਿਚ ਹੋਣ ਵਾਲੀ ਕੈਨੇਡਾ ਦੀ ਮਰਦਮਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਪੰਜਾਬੀ ਲਿਖਾਉਣ ਬਾਰੇ ਵਿਚਾਰ ਚਰਚਾ ਕਰਨਾ ਸੀ।

ਚਰਚਾ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਸੰਸਥਾ (ਪਲੀ) ਦੀ ਸਥਾਪਨਾ ਅਤੇ ਇਸ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਪਲੀ ਵੱਲੋਂ ਮੈਟਰੋ ਵੈਨਕੂਵਰ ਦੇ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਵਿਚ ਪੰਜਾਬੀ ਲਾਗੂ ਕਰਵਾਉਣ ਲਈ ਕੀਤੇ ਗਏ ਸਫ਼ਲ ਯਤਨਾਂ ਬਾਰੇ ਦੱਸਿਆ, ਜਿਸ ਕਰ ਕੇ ਅੱਜ ਇਨ੍ਹਾਂ ਸਕੂਲਾਂ ਵਿਚ ਪੰਜਾਬੀ ਪੜ੍ਹਾਈ ਜਾਂਦੀ ਹੈ।ਉਨ੍ਹਾਂ ਹੋਰਨਾਂ ਸਕੂਲਾਂ ਵਿਚ ਵੀ ਪੰਜਾਬੀ ਲਾਗੂ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਐਬਟਸਫੋਰਡ, ਕੈਲਗਰੀ ਅਤੇ ਟਰਾਂਟੋ ਵਿਚ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਮਾਰੇ ਜਾ ਰਹੇ ਹੰਭਲੇ ਬਾਰੇ ਵੀ ਉਨ੍ਹਾਂ ਗੱਲ ਕੀਤੀ।ਉਹਨਾਂ ਕੈਨੇਡਾ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਮਈ ਮਹੀਨੇ ਵਿਚ ਹੋਣ ਵਾਲੀ ਕੈਨੇਡਾ ਦੀ ਮਰਦਮਸ਼ੁਮਾਰੀ ਵਿਚ ਆਪਣੀ ਮਾਂ-ਬੋਲੀ ਪੰਜਾਬੀ ਹੀ ਲਿਖਵਾਉਣ। ਉਨ੍ਹਾਂ ਆਸ ਪ੍ਰਗਟਾਈ ਕਿ ਜੇ ਸਭ ਪੰਜਾਬੀਆਂ ਨੇ ਇਸ ਮਰਦਮਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਈ ਤਾਂ ਕੈਨੇਡਾ ਵਿਚ ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਪੰਜਾਬੀ ਤੀਜੇ ਨੰਬਰ ‘ਤੇ ਆ ਜਾਵੇਗੀ।



ਪਲੀ ਦੇ ਉਪ-ਪ੍ਰਧਾਨ ਸਾਧੂ ਬਿਨਿੰਗ ਨੇ ਕਿਹਾ ਕਿ ਉਂਝ ਤਾਂ ਕੋਈ ਕਿਸੇ ਨੂੰ ਮਰਦਮਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਲਿਖਵਾਉਣ ਲਈ ਮਜਬੂਰ ਨਹੀਂ ਕਰ ਸਕਦਾ, ਪਰ ਪੰਜਾਬੀਆਂ ਨੂੰ ਇਸ ਬਾਰੇ ਸੋਚਣਾ ਜ਼ਰੂਰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2006 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤਿੰਨ ਲੱਖ ਸਤਾਹਠ ਹਜ਼ਾਰ ਸੀ, ਜਦ ਕਿ ਅਸਲੀਅਤ ਵਿਚ ਪੰਜਾਬੀ ਬੋਲਣ ਵਾਲੇ ਇਸ ਤੋਂ ਜਿ਼ਆਦਾ ਹਨ। ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬੀ ਪਿਛੋਕੜ ਦੇ ਨਵੇਂ ਆਵਾਸੀ ਵੱਡੀ ਗਿਣਤੀ ਵਿਚ ਕੈਨੇਡਾ ਆਏ ਹਨ ਅਤੇ ਹੁਣ ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ ਸਹਿਜੇ ਹੀ ਸੱਤ ਲੱਖ ਤੋਂ ਵੱਧ ਹੋਵੇਗੀ। ਉਨ੍ਹਾਂ ਮਾਂ ਬੋਲੀ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਭਾਵੇਂ ਘਰ ਵਿਚ ਕੋਈ ਵੀ ਬੋਲੀ, ਬੋਲੀ ਜਾਂਦੀ ਹੋਵੇ ਪਰ ਮਾਂ ਬੋਲੀ ਉਹੋ ਹੁੰਦੀ ਹੈ ਜਿਹੜੀ ਬੱਚੇ ਦੀ ਮਾਂ ਦੀ ਬੋਲੀ ਹੁੰਦੀ ਹੈ।ਕੈਨੇਡਾ ਦਾ ਬਹੁ-ਸਭਿਆਚਾਰੀ ਸਮਾਜਿਕ ਢਾਂਚਾ ਹੋਣ ਕਰ ਕੇ ਉਨ੍ਹਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਕੈਨੇਡਾ ਵਿਚ ਬੋਲੀਆਂ ਜਾ ਰਹੀਆਂ ਸਾਰੀਆਂ ਬੋਲੀਆਂ ਨੂੰ ਕੈਨੇਡੀਅਨ ਬੋਲੀਆਂ ਦੇ ਬਰਾਬਰ ਮਾਨਤਾ ਮਿਲਣੀ ਚਾਹੀਦੀ ਹੈ।



ਮਰਦਮਸ਼ੁਮਾਰੀ ਵਿਭਾਗ ਵੱਲੋਂ ਪੀਟਰ ਲਿਆਂਗ, ਅਸ਼ੋਕ ਮਾਥੁਰ ਅਤੇ ਸੋਨੀਆ ਭੁੱਲਰ ਉਚੇਚੇ ਤੌਰ ‘ਤੇ ਇਸ ਸਮਾਗਮ ਵਿਚ ਹਾਜ਼ਰ ਹੋਏ।ਪੀਟਰ ਲਿਆਂਗ ਨੇ ਅੰਗਰੇਜ਼ੀ, ਅਸ਼ੋਕ ਮਾਥੁਰ ਨੇ ਹਿੰਦੀ ਅਤੇ ਸੋਨੀਆ ਭੁੱਲਰ ਨੇ ਪੰਜਾਬੀ ਵਿਚ ਮਰਦਸ਼ੁਮਾਰੀ ਦੇ ਕਾਨੂੰਨੀ ਅਤੇ ਸਾਮਾਜਿਕ ਪਹਿਲੂਆਂ ਬਾਰੇ ਵਿਸਥਾਰ ਨਾਲ ਦੱਸਿਆ।ਉਨ੍ਹਾਂ ਕੰਪਿਊਟਰ ਪੇਸ਼ਕਾਰੀ ਰਾਹੀਂ ਮਰਦਮਸ਼ੁਮਾਰੀ ਦੇ ਫਾਰਮ ਅਤੇ ਉਨ੍ਹਾਂ ਵਿਚ ਪੁੱਛੇ ਜਾਣ ਵਾਲੇ ਸਵਾਲਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ।



ਉਨ੍ਹਾਂ ਦੱਸਿਆ ਕਿ ਇਸ ਗਿਣਤੀ ਨੂੰ ਹੀ ਸਕੂਲਾਂ, ਬਿਰਧ ਸੰਭਾਲ ਘਰਾਂ, ਬਾਲ ਸੰਭਾਲ ਘਰਾਂ, ਸਿਹਤ ਸੇਵਾਵਾਂ, ਪੁਲੀਸ ਸੇਵਾਵਾਂ ਅਤੇ ਅੱਗ ਬੁਝਾਊ ਸੇਵਾਵਾਂ ਆਦਿ ਨਾਲ ਸੰਬੰਧਿਤ ਸਮਾਜਿਕ ਭਲਾਈ ਯੋਜਨਾਵਾਂ ਬਣਾਉਣ ਲਈ ਆਧਾਰ ਬਣਾਇਆ ਜਾਂਦਾ ਹੈ।ਮਰਦਮਸ਼ੁਮਾਰੀ ਦੇ ਅੰਕੜੇ ਹੀ ਹਰ ਪ੍ਰਾਂਤ ਨੂੰ ਦਿੱਤੇ ਜਾਣ ਵਾਲੇ ਵਿਕਾਸ ਫੰਡ ਦੇ ਨਾਲ-ਨਾਲ ਸੂਬਾਈ ਲੈਜਿਸਲੇਚਰ ਅਤੇ ਕੇਂਦਰੀ ਪਾਰਲੀਮੈਂਟ ਲਈ ਚੁਣੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਤੈਅ ਕਰਦੇ ਹਨ।


ਯੂ.ਬੀ.ਸੀ. ਤੋਂ ਆਏ ਪ੍ਰੋ. ਐਨ. ਮਰਫੀ ਦੇ ਪੰਜਾਬੀ ਪੜ੍ਹ ਰਹੇ ਵਿਦਿਆਰਥੀਆਂ ਮਨਦੀਪ ਗੁਰਮ, ਹਰਪ ਖੇਲਾ, ਸੁਖਦੀਪ ਕੌਰ ਸਰਾਂ, ਕਮਲ ਸੇਖੋਂ ਅਤੇ ਕਿਰਨਦੀਪ ਕੌਰ ਕੰਦੋਲਾ ਨੇ ਪੰਜਾਬੀ ਸਾਹਿਤਕਾਰਾਂ ਸ੍ਰੀ ਗੁਰਚਰਨ ਰਾਮਪੁਰੀ, ਸਾਧੂ ਬਿਨਿੰਗ, ਹਰਜਿੰਦਰ ਸਿੰਘ ਥਿੰਦ, ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਦਲੀਪ ਸਿੰਘ ਆਦਿ ਨਾਲ ਕੀਤੀਆਂ ਗਈਆਂ ਇੰਟਰਵਿਊਆਂ ਦੇ ਅੰਸ਼ ਦਿਖਾਏ। ਉਨ੍ਹਾਂ  ਵੈਨਕੂਵਰ ਦੇ ਲੇਖਕਾਂ ਕੋਲੋਂ ਇਸ ਪ੍ਰੋਜੈਕਟ ਨੂੰ ਸਹਿਯੋਗ ਦੇਣ ਦੀ ਮੰਗ ਵੀ ਕੀਤੀ। ਉਹਨਾਂ ਦੇ ਇਸ ਕੰਮ ਤੋਂ ਸਾਬਤ ਹੋ ਰਿਹਾ ਸੀ ਕਿ ਅੱਜ ਯੂਨੀਵਰਸਿਟੀਆਂ ਵਿਚ ਵੀ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਕਿਸ ਤਰ੍ਹਾਂ ਦਾ ਯੋਗਦਾਨ ਪਾਇਆ ਜਾ ਰਿਹਾ ਹੈ।

ਓਮਨੀ ਟੀਵੀ ਦੀ ਹੋਸਟ ਬੀਬੀ ਤਰੰਨਮ ਥਿੰਦ ਨੇ ਦੱਸਿਆ ਕਿ ਉਹ ਮੁਕਤਸਰ ਦੇ ਇਕ ਪਿੰਡ ਵਿਚ ਜੰਮੀ ਅਤੇ ਚੰਡੀਗੜ੍ਹ ਜਿਹੇ ਸ਼ਹਿਰ ਵਿਚ ਰਹਿ ਕੇ ਮਾਪਿਆਂ ਦੀ ਯੋਗ ਅਗਵਾਈ ਕਾਰਣ ਪੰਜਾਬੀ ਨਾਲ ਪ੍ਰਨਾਈ ਰਹੀ।ਉਸ ਨੇ ਕਿਹਾ ਕਿ ਅੱਜ ਕੱਲ੍ਹ ਜਿੱਥੇ ਪੰਜਾਬੀ ਪਰਿਵਾਰਾਂ ਦੇ ਬੱਚੇ ਪੰਜਾਬੀ ਬੋਲਣਾ ਆਪਣੀ ਹੇਠੀ ਸਮਝਦੇ ਹਨ ਅਤੇ ਪੰਜਾਬੀ ਬੋਲਣ ਵਾਲਿਆਂ ਦਾ ਮਖੌਲ ਉਡਾਉਂਦੇ ਹਨ।ਉਹ ਪੰਜਾਬੀ ਬੋਲੀ ਕਰ ਕੇ ਹੀ ਟੀ.ਵੀ ਮੀਡੀਏ ਵਿਚ ਸਫ਼ਲਤਾ ਨਾਲ ਕੰਮ ਕਰ ਸਕਣ ਦੇ ਕਾਬਿਲ ਹੋਈ ਹੈ।



ਰੇਡੀਓ ਰੈੱਡ ਐਫ.ਐਮ. ਦੀ ਹੋਸਟ ਮਨਜੀਤ ਕੌਰ ਕੰਗ ਨੇ ਰਵਿੰਦਰ ਨਾਥ ਟੈਗੋਰ ਵਲੋਂ ਅਦਾਕਾਰ ਬਲਰਾਜ ਸਾਹਨੀ ਨੂੰ ਮਾਂ ਬੋਲੀ ਵਿਚ ਲਿਖਣ ਦੀ ਪ੍ਰੇਰਨਾ ਦੇਣ ਦੀ ਉਦਾਹਰਨ ਰਾਹੀਂ ਮਾਂ ਬੋਲੀ ਦੀ ਮਹਾਨਤਾ ਪ੍ਰਤਿ ਵਿਦਵਾਨਾਂ ਦੀ ਸੋਚ ਬਾਰੇ ਦੱਸਿਆ। ਉਸ ਨੇ ਦੂਜੀ ਉਦਾਹਰਨ ਰਸੂਲ ਹਮਜ਼ਾਤੋਫ ਦੀ ਪ੍ਰਸਿੱਧ ਪੁਸਤਕ ‘ਮੇਰਾ ਦਾਗਸਤਾਨ’ ਵਿਚੋਂ ਦਿੰਦਿਆ ਦੱਸਿਆ ਕਿ ਕਿਵੇਂ ਆਪਣੇ ਬੱਚੇ ਦੇ ਅਵਾਰ ਬੋਲੀ ਵਿਚ ਨਾ ਗੱਲ ਕਰਨ ਕਰਕੇ ਮਾਂ ਆਪਣੇ ਬੱਚੇ ਨੂੰ ਮਰਿਆ ਸਮਝ ਕੇ ਮੂੰਹ ਉਪਰ ਕਾਲਾ ਪੱਲਾ ਲੈ ਲੈਂਦੀ ਹੈ।ਉਸ ਕਿਹਾ ਕਿ ਸਾਨੂੰ ਵੀ ਦੂਜਿਆਂ ਵਾਂਗ ਆਪਣੀ ਮਾਂ ਬੋਲੀ ਉਪਰ ਫਖ਼ਰ ਕਰਨਾ ਚਾਹੀਦਾ ਹੈ।



ਐਮੀ ਤੂਰ ਨੇ ਹਰਭਜਨ ਮਾਨ ਦਾ ਗੀਤ ‘ਮੈਨੂੰ ਇਓਂ ਨਾ ਮਨੋ ਵਿਸਾਰ ਕਿ ਮੈਂ ਤੇਰੀ ਮਾਂ ਦੀ ਬੋਲੀ ਹਾਂ’ ਗਾ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਡਾ. ਮਨਜੀਤ ਸਿੰਘ ਰੰਧਾਵਾ ਅਤੇ ਭਵਨਦੀਪ ਸਿੰਘ ਨੇ ਵੀ ਪੰਜਾਬੀ ਬੋਲੀ ਦੀ ਕੈਨੇਡਾ ਵਿਚ ਤਰੱਕੀ ਅਤੇ ਮਰਦਮਸ਼ੁਮਾਰੀ ਵਿਚ ਪੰਜਾਬੀਆਂ ਨੂੰ ਮਾਂ ਬੋਲੀ ਪੰਜਾਬੀ ਲਿਖਵਾਉਣ ਲਈ ਆਪਣੇ ਵਿਚਾਰ ਪੇਸ਼ ਕੀਤੇ।ਦਸ ਕੁ ਸਾਲ ਦੀ ਨਿੱਕੀ ਬੱਚੀ, ਜਸਨੂਰ ਬਾਸੀ ਨੇ ਕਵਿਤਾ ਰਾਹੀਂ ਪੰਜਾਬੀ ਮਾਂ ਬੋਲੀ ਦੇ ਜਨਮ ਦਿਨ ਦੀ ਵਧਾਈ ਦਿੱਤੀ।



ਸਰੀ ਸਕੂਲ ਦੇ ਟਰੱਸਟੀ ਜਨਾਬ ਇਜਾਜ਼ ਚੱਠਾ ਨੇ ਕਿਹਾ ਕਿ ਮਰਦਮ ਸ਼ੁਮਾਰੀ ਵਿਚ ਹਰ ਇਕ ਨੂੰ ਆਪਣੀ ਮਾਂ ਬੋਲੀ ਹੀ ਲਿਖਵਾਉਣੀ ਚਾਹੀਦੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਿਸ ਸਕੂਲ ਵਿਚ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀ ਯੋਗ ਗਿਣਤੀ ਹੋਈ, ਉਨ੍ਹਾਂ ਸਕੂਲਾਂ ਵਿਚ ਉਹ ਪੰਜਾਬੀ ਪੜ੍ਹਾਉਣ ਲਈ ਆਪਣਾ ਪੂਰਾ ਯਤਨ ਕਰਨਗੇ। ਉਨ੍ਹਾਂ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਅੱਗੇ ਆਉਣ।



ਕਵਾਂਟਲਿਨ ਪੌਲੀਟੈਕਨਿਕ ਯੂਨੀਵਰਿਸਿਟੀ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਸੁਰਜੀਤ ਪਾਤਰ ਦੀ ਮਸ਼ਹੂਰ ਕਵਿਤਾ ‘ਆਇਆ ਨੰਦ ਕਿਸ਼ੋਰ’ ਸੁਣਾਈ। ਉਸ ਨੇ ਇਸ ਕਵਿਤਾ ਰਾਹੀਂ ਸ਼ਾਇਰ ਦੀ ਸੋਚ ਪ੍ਰਗਟਾਉਂਦਿਆਂ ਦੱਸਿਆਂ ਕਿ ਭਾਸ਼ਾ ਕਿਵੇਂ ਰੋਜ਼ੀ-ਰੋਟੀ ਦਾ ਸਾਧਨ ਬਣਦੀ ਹੈ ਅਤੇ ਕਿਵੇਂ ਮਨੁੱਖ ਆਪਣੀਆਂ ਲਾਲਸਾਵਾਂ ਖਾਤਰ ਆਪਣੀ ਮਾਂ ਬੋਲੀ ਨੂੰ ਤਿਆਗ ਦਿੰਦਾ ਹੈ।



ਰੇਡੀਓ ਸ਼ੇਰ-ਏ-ਪੰਜਾਬ ਦੇ ਹੋਸਟ ਗੁਰਵਿੰਦਰ ਸਿੰਘ ਧਾਲੀਵਾਲ ਨੇ 21 ਫਰਵਰੀ 1952 ਨੂੰ ਆਪਣੀ ਮਾਂ ਬੋਲੀ ਖਾਤਰ ਸ਼ਹੀਦ ਹੋਏ ਬੰਗਲਾਦੇਸ਼ੀ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਯੂ.ਐੱਨ.ਓ. ਨੇ 21 ਫਰਵਰੀ ਦਾ ਦਿਨ ਮਾਂ ਬੋਲੀ ਨੂੰ ਸਮਰਪਤ ਕੀਤਾ। ਉਹਨਾਂ ਮਾਂ ਬੋਲੀ ਲਈ ਕੀਤੇ ਜਾ ਰਹੇ ਇਸ ਸਮਾਗਮ ਵਿਚ ਪੰਜਾਬੀ ਰਾਜਨੀਤੀਵਾਨਾਂ ਦੇ ਨਾ ਆਉਣ ਦਾ ਵਿਅੰਗਮਈ ਅੰਦਾਜ਼ ਵਿਚ ਗਿਲਾ ਪ੍ਰਗਟਾਂਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਮਾਂ ਬੋਲੀ ਨਾਲੋਂ ਆਪਣੇ ਲੀਡਰ ਦੀ ਚੋਣ ਲਈ ਭੱਜ ਨੱਠ ਕਰਨ ਦੀ ਬਹੁਤੀ ਲੋੜ ਹੈ। ਉਨ੍ਹਾਂ ਨੂੰ ਆਪਣੇ ਕਾਰਡਾਂ ਉਪਰ ਅੰਗਰੇਜ਼ੀ ਦੇ ਨਾਲ ਪੰਜਾਬੀ ਵਿਚ ਲਿਖਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਆਪਣੇ ਜਜ਼ਬਾਤੀ ਭਾਸ਼ਣ ਵਿਚ ਪੰਜਾਬ ਸਰਕਾਰ, ਪੰਜਾਬ  ਯੂਨੀਵਰਸਿਟੀ ਅਤੇ ਗੁਰੂਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬੀ ਵਿਚ ਵੈੱਬਸਾਈਟ ਨਾ ਬਣਾਉਣ ਉਪਰ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਪੰਜਾਬੀ ਬੋਲੀ ਨਾਲ ਸਬੰਧਤ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੈਬਸਾਈਟਾਂ ਪੰਜਾਬੀ ਵਿਚ ਵੀ ਬਣਾਉਣ।



ਤਰਕਸ਼ੀਲ ਸੁਸਾਇਟੀ ਦੀ ਕਾਰਕੁੰਨ ਬੀਬੀ ਪਰਮਿੰਦਰ ਸਵੈਚ ਨੇ ਕਿਹਾ ਕਿ ਬੱਚਿਆਂ ਨੂੰ ਨਾਟਕਾਂ ਦੇ ਜ਼ਰਿਏ ਪੰਜਾਬੀ ਬੋਲੀ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਨੇ ਐਬਟਸਫੋਰਡ ਵਿਖੇ ਇਸਤਰੀ ਦਿਵਸ ਨੂੰ ਸਮਰਪਤ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਬਿੰਦਰ ਰੋਡੇ ਨੇ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਸੰਬੋਧਿਤ ਪਰਵਾਰ ਦੇ ਜਜ਼ਬਾਤਾਂ ਨੂੰ ਪ੍ਰਗਟਾਉਂਦਾ ਗੀਤ ਸੁਣਾਇਆ।

ਸਮਾਗਮ ਦੇ ਅੰਤ ਵਿਚ ਯੂ.ਬੀ.ਸੀ. ਦੇ ਨਵੀਨ ਗਿਰਨ ਨੇ ਕੈਨੇਡਾ ਵਿਚ ਭੰਗੜੇ ਬਾਰੇ ਤਿਆਰ ਕੀਤੀ ਜਾ ਰਹੀ ਇਕ ਨੁਮਾਇਸ਼ ਦੀ ਝਲਕ ਕੰਪਿਊਟਰ ਰਾਹੀਂ ਦਿਖਾਈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਨਾਚ ਬਾਰੇ ਪ੍ਰੌਫੈਸ਼ਨਲ ਪੱਧਰ ‘ਤੇ ਤਿਆਰ ਕੀਤੀ ਗਈ ਇਹ ਆਪਣੀ ਕਿਸਮ ਦੀ ਪਹਿਲੀ ਨੁਮਾਇਸ਼ ਹੋਵੇਗੀ। ਉਨ੍ਹਾਂ ਇਸ ਨੁਮਾਂਇਸ਼ ਬਾਰੇ ਇਕ ਫ਼ਿਲਮ ਵੀ ਦਿਖਾਈ।



ਅਖੀਰ ਵਿਚ ਬਲਵੰਤ ਸਿੰਘ ਸੰਘੇੜਾ ਅਤੇ ਸਾਧੂ ਬਿਨਿੰਗ ਵੱਲੋਂ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸੰਘੇੜਾ ਨੇ ਪਲੀ ਦੀ ਕਾਰਜਕਾਰਨੀ ਦੇ ਮੈਂਬਰਾਂ ਦਾ ਸੰਸਥਾ ਲਈ ਪਾਏ ਯੋਗਦਾਨ, ਹਵੇਲੀ ਰੈਸਟੋਰੈਂਟ ਦੇ ਪ੍ਰਬੰਧਕਾਂ ਵੱਲੋਂ ਹਰ ਸਾਲ ਸਮਾਗਮ ਲਈ ਜਗ੍ਹਾ ਮੁਹੱਈਆ ਕਰਵਾਉਣ ਲਈ ਅਤੇ ਮੀਡੀਏ ਵੱਲੋਂ ਮਿਲੇ ਸਹਿਯੋਗ ਲਈ ਵੀ ਧੰਨਵਾਦ ਕੀਤਾ।ਗੁਰਲੀਨ ਭਾਟੀਆ ਨੇ ਪ੍ਰੋਗਰਾਮ ਦਾ ਮੰਚ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ। ਸਮੁੱਚੇ ਸਮਾਗਮ ਨੂੰ ਪੇਸ਼ ਕਰਨ ਵਿਚ ਪਲੀ ਦੇ ਸਰਗਮਰ ਮੈਂਬਰਾਂ ਪਾਲ ਬਿਨਿੰਗ, ਰਣਬੀਰ ਜੌਹਲ, ਪਰਵਿੰਦਰ ਧਾਰੀਵਾਲ, ਰਮਿੰਦਰ ਸਿੰਘ ਧਾਮੀ, ਰਾਜਿੰਦਰ ਸਿੰਘ ਪੰਧੇਰ, ਅਮਨ ਤੱਗੜ, ਸੁੱਖੀ ਬੈਂਸ ਅਤੇ ਕੁਲਦੀਪ ਬਾਸੀ ਨੇ ਆਪਣਾ ਪੂਰਾ ਯੋਗਦਾਨ ਪਾਇਆ।
1:26 AM | 0 comments

ਨਾਵਲਕਾਰ ਜਸਵੰਤ ਸਿੰਘ ਕੰਵਲ ਨਾਲ 26 ਫਰਵਰੀ ਨੂੰ ਲੁਧਿਆਣਾ ਦੇ ਵਿਦਿਆਰਥੀ ਹੋਣਗੇ ਰੂ-ਬ-ਰੂ

ਕੁਲਬੀਰ ਸਿੰਘ ਸਿੱਧੂ ਦੇ ‘ਸ਼ਬਦਾਂ ਦੇ ਕਾਫਲੇ' ਦੀ ਘੁੰਡ-ਚੁਕਾਈ




ਲੁਧਿਆਣਾ 23 ਫਰਵਰੀ ।
ਸਰਦਾਰ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ  ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਰੂ-ਬ-ਰੂ ਅਤੇ ਪੰਜਾਬੀ ਵਾਰਤਕਕਾਰ ਕੁਲਬੀਰ ਸਿੰਘ ਸਿੱਧੂ ਰਿਟਾਇਰਡ ਆਈ.ਏ.ਐੱਸ. ਦੀ ਸੱਜਰੀ ਪੁਸਤਕ ‘ਸ਼ਬਦਾਂ ਦੇ ਕਾਫਲੇ' ਦਾ ਲੋਕ ਅਰਪਣ ਸਮਾਰੋਹ 26 ਫਰਵਰੀ ਸਵੇਰੇ 10:00 ਵਜੇ ਰਾਮਗੜ੍ਹੀਆ ਗਰਲਜ਼ ਕਾਲਜ ਮਿੱਲਰ ਗੰਜ ਲੁਧਿਆਣਾ ਦੇ ਬਾਬਾ ਗੁਰਮੁਖ ਸਿੰਘ ਹਾਲ ਵਿਖੇ ਹੋਵੇਗਾ। ਇਹ ਜਾਣਕਾਰੀ ਅਕੈਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿਚ ਵੱਖ-ਵੱਖ ਕਾਲਜਾਂ ਦੇ ਪੋਸਟ ਗਰੈਜੂਏਟ ਵਿਦਿਆਰਥੀ ਹਰਮਨ ਪਿਆਰੇ ਨਾਵਲਕਾਰ ਜਸਵੰਤ ਸਿੰਘ ਕੰਵਲ ਨਾਲ ਆਹਮੋ ਸਾਹਮਣੇ ਬੈਠ ਕੇ ਵਿਚਾਰ ਵਟਾਂਦਰਾ ਕਰ ਸਕਣਗੇ।
     ਰਾਮਗੜ੍ਹੀਆ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ: ਨਰਿੰਦਰ ਕੌਰ  ਸੰਧੂ, ਪ੍ਰਸਿੱਧ ਲੇਖਕ ਪ੍ਰੋ: ਰਵਿੰਦਰ ਭੱਠਲ ਅਤੇ ਡਾ: ਰਣਜੀਤ ਸਿੰਘ ‘ਸ਼ਬਦਾਂ ਦੇ ਕਾਫਲੇ' ਪੁਸਤਕ ਬਾਰੇ ਆਪਣੇ ਪਰਚੇ ਪੜ੍ਹਨਗੇ।
1:16 AM | 0 comments

ਤੇਰੇ ਤੁਰ ਜਾਣ ਮਗਰੋਂ…

Written By ਲਫ਼ਜ਼ਾਂ ਦਾ ਸੇਵਾਦਾਰ on Monday, February 7, 2011 | 1:19 AM

(ਨੋਟ: 31 ਜਨਵਰੀ ਨੂੰ ਸਵਰਗਵਾਸ ਹੋ ਗਏ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਵਿਦਵਾਨ ਲੇਖਕ ਅਜੀਤ ਸਿੰਘ ਸਿੱਕਾ ਦੀ ਯਾਦ ਨੂੰ ਸਮਰਪਿਤ, 6 ਫਰਵਰੀ ਨੂੰ ਭੋਗ ਤੇ ਵਿਸ਼ੇਸ਼)

ਅੰਮ੍ਰਿਤਬੀਰ ਕੌਰ
ਕਿਤਾਬਾਂ ਨਾਲ ਮੇਰਾ ਪੁਰਾਣਾ, ਡੂੰਘਾ ਤੇ ਗੂੜ੍ਹਾ ਰਿਸ਼ਤਾ ਹੈ। ਇਕ ਅਦਿੱਖ ਪਰ ਮਜ਼ਬੂਤ ਤੰਦ ਹੈ ਜੋ ਮੈਨੂੰ ਕਿਤਾਬਾਂ ਨਾਲ ਜੋੜੀ ਰੱਖਦੀ ਹੈ। ਇਹੀ ਕਾਰਨ ਹੈ ਕਿ ਚਾਰ ਕੁ ਮਹੀਨੇ ਪਹਿਲਾਂ 300 ਕਿਲੋਮੀਟਰ ਦੂਰ ਵਿਆਹੇ ਜਾਣ ਦੇ ਬਾਵਜੂਦ ਵੀ ਮੈਂ ਲੁਧਿਆਣਾ ਸਥਿਤ ਪੰਜਾਬ ਯੂਨਿਵਰਸਿਟੀ ਐਕਸਟੈਨਸ਼ਨ ਲਾਇਬਰੇਰੀ ਦੀ ਮੈਂਮਬਰਸ਼ਿਪ ਨਹੀਂ ਛੱਡ ਸਕੀ। ਉੱਥੇ ਤਰਤੀਬਵਾਰ ਸਜੀਆਂ ਕਿਤਾਬਾਂ ਦੇ ਅਥਾਹ ਸਾਗਰ ’ਚੋਂ ਮੈਂ ਕੁਝ ਕੀਮਤੀ ਬੂੰਦਾਂ ਚੁਣ ਲੈਂਦੀ ਸੀ, ਫੇਰ ਅਰਾਮ ਨਾਲ ਉੱਥੇ ਪਏ ਮੇਜ਼ ਕੁਰਸੀਆਂ ਤੇ ਬਹਿ ਕੇ ਉਹਨਾਂ ਬੂੰਦਾਂ ਦਾ ਰਸ ਮਾਣਦੀ ਸੀ। ਅੱਜ ਵੀ ਉਹੀ ਮੇਜ਼ ਤੇ ਕੁਰਸੀਆਂ ਮੇੈਨੂੰ ਬੁਲਾਉਂਦੇ ਜਾਪਦੇ ਨੇ, ਪਰ ਚਾਹੁੰਦੇ ਹੋਏ ਵੀ ਮੈਂ ਉਸ ਸੁਪਨਪਈ ਸੰਸਾਰ ਤੋਂ ਲੰਬੇ ਅਰਸੇ ਤੋਂ ਦੂਰ ਸੀ।ਇਸੇ ਅਣਗੌਲਿਆਂ ਕੀਤੀ ਖਿੱਚ ਦਾ ਨਤੀਜਾ ਸੀ ਕਿ ਇਸ ਵਾਰ ਜਦ ਕਰੀਬ ਦੋ ਕੁ ਮਹੀਨਿਆਂ ਬਾਅਦ ਮੈਂ ਲੁਧਿਆਣੇ ਗਈ ਤਾਂ ਉਸ ਲਾਇਬਰੇਰੀ ਮੁੜ ਫੇਰਾ ਪਾ ਕੇ ਆਉਣ ਦਾ ਫੈਸਲਾ ਮੈਂ ਦਿੱਲੀ ਤੋਂ ਰਵਾਨਾ ਹੋਣ ਲੱਗਿਆਂ ਹੀ ਕਰ ਲਿਆ ਸੀ।

ਜਿਵੇਂ ਹੀ ਮੈਂ ਉਸ ਬਿਲਡਿੰਗ ਦੇ ਅੰਦਰ ਦਾਖਲ ਹੋਈ ਤਾਂ ਬੀਤੇ ਦਿਨਾਂ ਦੇ ਉਹ ਸਾਰੇ ਮੰਜ਼ਰ ਮੇਰੀਆਂ ਅੱਖਾਂ ਸਾਹਵੇਂ ਦੀ ਗੁਜ਼ਰ ਗਏ। ਇਕ ਪਲ ਲਈ ਏਦਾਂ ਮਹਿਸੂਸ ਹੋਇਆ ਜਿਵੇਂ ਸਮਾਂ ਖੜ੍ਹ ਗਿਆ ਹੋਵੇ। ਕੁਝ ਵੀ ਤਾਂ ਨਹੀਂ ਬਦਲਿਆ ਸੀ। ਉਹੀ ਸਵਾਗਤੀ ਕਾਊਂਟਰ, ਉਹੀ ਕਿਤਾਬਾਂ ਦੀ ਮਹਿਕ, ਉਹੀ ਹਾਜ਼ਰੀ ਰਜਿਸਟਰ। ਜਿਉਂ ਹੀ ਮੈਂ ਰਜਿਸਟਰ ਵਿੱਚ ਹਾਜ਼ਰੀ ਲਾ ਕੇ ਪੜ੍ਹਨ ਵਾਲੇ ਕਮਰੇ ’ਚ ਦਾਖਲ ਹੋਈ ਤਾਂ ਉਹੀ ਜਾਣੇ-ਪਛਾਣੇ ਮੇਜ਼ ਅਤੇ ਸੈਨਤ ਮਾਰ ਬੁਲਾਉਂਦੀਆਂ ਕੁਰਸੀਆਂ ਸਨ। ਫੇਰ ਮੇਰੀ ਨਜ਼ਰ ਆਲੇ-ਦੁਆਲੇ ਘੁੰਮਣ ਲੱਗੀ, ਜਿਵੇਂ ਕੋਈ ਪੁਰਾਣੀਆਂ ਯਾਦਾਂ ਦੀਆਂ ਨਿਸ਼ਾਨੀਆਂ ਖੋਜ ਰਹੀ ਹੋਵੇ। ਇਧਰ-ਉਧਰ ਭਟਕਦੀ ਮੇਰੀ ਨਜ਼ਰ ਅਚਾਨਕ ਇਕ ਮੇਜ਼ ਤੇ ਰੁਕੀ, ਤੇ ਕੁਝ ਪਲ ਬਾਅਦ ਅੱਗੇ ਵੱਧ ਗਈ। ਪਰ ਸ਼ਾਇਦ ਉਸ ਥਾਂ ਪਸਰਿਆ ਖਲਾਅ ਮੇਰੇ ਜ਼ਹਿਨ’ਚ ਉਕਰਿਆ ਰਹਿ ਗਿਆ ਸੀ।

ਕੁਝ ਕਦਮ ਅੱਗੇ ਪਸਰੀਆਂ ਕਿਤਾਬਾਂ ਦੀਆਂ ਗਲੀਆਂ ਮੈਨੂੰ ’ਵਾਜਾਂ ਮਾਰ ਰਹੀਆਂ ਸਨ। ਕਿਤਾਬਾਂ ਦੀ ਦੁਨੀਆਂ ’ਚ ਗਵਾਚੀ ਮੈਂ ਉਹਨਾਂ ਗਲੀਆਂ ’ਚ ਘੁੰਮਣ ਲੱਗੀ। ਕੁਝ ਕਿਤਾਬਾਂ ਲੈ ਕੇ ਮੈਂ ਇਕ ਕੁਰਸੀ ਤੇ ਜਾ ਬੈਠੀ। ਰਹਿ-ਰਹਿ ਕੇ ਮੇਰੀ ਨਜ਼ਰ ਉਸ ਕੋਨੇ ਵਾਲੇ ਖਾਲੀ ਮੇਜ਼-ਕੁਰਸੀ ਵੱਲ ਜਾਂਦੀ ਰਹੀ। ਥੋੜ੍ਹੇ ਸਮੇਂ ਬਾਅਦ ਮੈਂ ਉਠੀ ਤੇ ਕਿਤਾਬਾਂ ਜਾਰੀ ਕਰਨ ਵਾਲੇ ਕਾਊਂਟਰ ਤੋਂ ਉਸ ਕੁਰਸੀ ਦੇ ਖ਼ਾਲੀ ਹੋਣ ਦਾ ਕਾਰਣ ਜਾਣਨ ਲਈ ਤੁਰ ਪਈ।

ਦਰਅਸਲ ਅੱਗੇ ਜਦੋਂ ਵੀ ਕਦੇ ਮੈਂ ਉਸ ਲਾਇਬਰੇਰੀ ਜਾਂਦੀ ਤਾਂ ਉੱਥੇ ਇਕ ਸ਼ਾਂਤ ਜਿਹਾ ਦਿਖਣ ਵਾਲਾ ਸ਼ਖ਼ਸ ਬੈਠਾ ਹੁੰਦਾ, ਜੋ ਮੇਜ਼ ਤੇ ਦੋ-ਤਿੰਨ ਕਿਤਾਬਾਂ ਰੱਖੀ, ਕਾਗਜ਼ ਦੇ ਉੱਤੇ ਕਲਮ ਚਲਾਉਂਦਾ ਆਪਣੀ ਹੀ ਦੁਨੀਆਂ ’ਚ ਗਵਾਚਿਆ ਜਾਪਦਾ। ਮੈਂ ਨਹੀਂ ਜਾਣਦੀ ਸੀ ਕਿ ਉਹ ਸ਼ਖ਼ਸ ਕੌਣ ਸੀ ਤੇ ਕੀ ਕਰਦਾ ਸੀ। ਪਰ ਇੰਨਾ ਜ਼ਰੂਰ ਸੀ ਕਿ ਜਦੋਂ ਵੀ ਮੈਂ ਲਾਇਬਰੇਰੀ ਜਾਂਦੀ ਤਾਂ ਉਹ ਉੱਥੇ ਹੀ ਬੈਠਾ ਕਿਤਾਬਾਂ ਦੀ ਦੁਨੀਆਂ ’ਚ ਵਿਚਰਦਾ ਹੁੰਦਾ ਸੀ। ਬਸ ਸਮਝੋ, ਇਕ ਆਦਤ ਬਣ ਗਈ ਸੀ ਉਹਨਾਂ ਨੂੰ ਉੱਥੇ ਬੈਠਿਆਂ ਦੇਖਣ ਦੀ। ਸਮਾਂ ਬੀਤਦਾ ਗਿਆ ਤਾਂ ਇਕ ਸਾਂਝ ਬਣ ਗਈ, ਇਕ ਅਜਿਹੀ ਸਾਂਝ ਜਿਸ ਵਿਚ ਸ਼ਬਦ ਨਹੀਂ ਸਨ ਲੋੜੀਂਦੇ। ਉਹ ਸੀ ਕਿਤਾਬਾਂ ਦੀ ਅਦਬੀ ਸਾਂਝ। ਹੁਣ ਮੈਂ ਜਦੋਂ ਕਦੇ ਜਾਂਦੀ ਤਾਂ ਆਪਣੇ ਵੱਡੇ ਬਜ਼ੁਰਗਾਂ ਵਰਗਾ ਅਦਬ ਤੇ ਸਤਿਕਾਰ ਦੇਣ ਲਈ ਦੂਰੋਂ ਹੀ ਸਿਰ ਝੁਕਾ ਦਿੰਦੀ। ਉਹ ਵੀ ਇਸਦਾ ਜਵਾਬ ਸਿਰ-ਪਲੋਸਦੀ ਮੁਸਕਾਨ ਦੇ ਨਾਲ ਸਿਰ ਹਿਲਾ ਕੇ ਮੈਨੂੰ ਪਛਾਣ ਲਏ ਜਾਣ ਦੀ ਸ਼ਾਹਦੀ ਭਰ ਦਿੰਦੇ।

ਫੇਰ ਇਕ ਵਾਰ ਮੈਂ ਉਹਨਾਂ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਇਕ ਸਾਹਿਤਕ ਸਮਾਗਮ ’ਚ ਸ਼ਿਰਕਤ ਕਰਦੇ ਵੇਖਿਆ ਸੀ। ਉਦੋਂ ਤੱਕ ਮੇਰਾ ਵਿਆਹ ਹੋ ਚੁੱਕਾ ਸੀ। ਮੈਂ ਆਪਣੇ ਪਤੀ ਨਾਲ ਬੈਠੀ ਸਾਂ ਤਾਂ ਮੈਂ ਉਸੇ ਸ਼ਖ਼ਸ ਨੂੰ ਭਵਨ ਦੇ ਹਾਲ ’ਚ ਦਾਖਲ ਹੁੰਦਿਆਂ ਦੇਖਿਆ। ਉਸ ਦਿਨ ਮੈਨੂੰ ਉਹਨਾਂ ਦੀ ਸ਼ਖ਼ਸੀਅਤ ਅਤੇ ਵਿਦਵਤਾ ਬਾਰੇ ਮੇਰੇ ਪਤੀ ਨੇ ਜਾਣੂ ਕਰਵਾਇਆ। ਮੈਨੂੰ ਪਤਾ ਲੱਗਿਆ ਕਿ ਜਿਸਨੂੰ ਮੈਂ ਕਿਤਾਬਾਂ ਨਾਲ ਸਾਂਝ ਰੱਖਣ ਵਾਲਾ ਅਤੇ ਲਾਇਬਰੇਰੀ ਦੇ ਮਾਹੌਲ ਨੂੰ ਪਿਆਰ ਕਰਨ ਵਾਲਾ ਇਕ ਆਮ ਪਾਠਕ ਸਮਝਦੀ ਸੀ, ਉਹ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਦਾ ਵਿਦਵਾਨ ਅਜੀਤ ਸਿੰਘ ਸਿੱਕਾ ਸੀ, ਜੋ ਬਿਨ੍ਹਾਂ ਨਾਗਾ ਐਕਸਟੈਨਸ਼ਨ ਲਾਇਬਰੇਰੀ ਦੀ ਉਸੇ ਕੁਰਸੀ ਤੇ ਰੋਜ਼ ਜਾ ਕੇ ਬੈਠਦਾ ਸੀ।

ਜਦ ਮੈਂ ਕਿਤਾਬਾਂ ਜਾਰੀ ਕਰਨ ਵਾਲੇ ਕਾਊਂਟਰ ਤੇ ਜਾ ਕੇ ਪੁੱਛਿਆ ਤਾਂ ਪਤਾ ਲੱਗਿਆ ਕਿ ਦੋ-ਤਿੰਨ ਦਿਨ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮੇਰੇ ਪੈਰਾਂ ਹੇਠਲੀ ਧਰਤੀ ਕੰਬ ਗਈ। ਲੱਗਿਆ ਜਿਵੇਂ ਮੇਰੇ ਨਾਨੇ ਤੇ ਦਾਦੇ ਵਰਗਾ ਪਰਛਾਵਾਂ ਇਕ ਵਾਰ ਫੇਰ ਮੇਰੇ ਸਿਰੋਂ ਢਲ ਗਿਆ। ਇੰਝ ਮਹਿਸੂਸ ਹੋਇਆ ਜਿਵੇਂ ਕੋਈ ਅਜ਼ੀਜ਼ ਹੱਥੋਂ ਖੁਸ ਗਿਆ ਹੋਵੇ।

ਅਜੀਤ ਸਿੰਘ ਸਿੱਕਾ ਦਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਹੈ। ਉਨ੍ਹਾਂ ਡੇਢ ਦਰਜਨ ਦੇ ਕਰੀਬ ਅੰਗਰੇਜ਼ੀ ਕਿਤਾਬਾਂ ਸਮੇਤ ਪੰਜਾਬੀ ਅਤੇ ਹਿੰਦੀ ਵਿਚ ਸਿਰਜੀਆਂ ਕੁੱਲ 47 ਕਿਤਾਬਾਂ ਨਾਲ ਸਾਹਿਤ ਵਿਚ ਗੁਣਾਤਮਕ ਵਾਧਾ ਕੀਤਾ।

ਕੱਲ੍ਹ ਫੇਰ ਜਦ ਮੈਂ ਦਿੱਲੀ ਵਾਪਸ ਆਉਣ ਤੋਂ ਪਹਿਲਾਂ ਇਕ ਵਾਰ ਆਪਣੇ ਅਣ-ਵਿਆਹੇ ਵਰ੍ਹਿਆਂ ਦੀਆਂ ਯਾਦਾਂ ਸਮੇਟਣ ਲਾਇਬਰੇਰੀ ਗਈ ਤਾਂ ਉਹ ਮੇਜ਼ ਅਤੇ ਕੁਰਸੀ ਖਾਲੀ ਨਹੀਂ ਸੀ। ਇਕ 24-25 ਵਰ੍ਹਿਆਂ ਦਾ ਨੌਜਵਾਨ ਉਸੇ ਕੁਰਸੀ ਉੱਤੇ ਬੈਠਾ, ਉਸੇ ਮੇਜ਼ ਤੇ ਕੁਹਣੀਆਂ ਟਿਕਾਈ ਅਖ਼ਬਾਰ ਪੜ੍ਹ ਰਿਹਾ ਸੀ। ਜਾਪਿਆ ਜਿਵੇਂ ਸਮੇਂ ਦਾ ਚੱਕਰ ਆਪਣੀ ਚਾਲ ਚੱਲ ਗਿਆ ਹੋਵੇ। ਜਵਾਨੀ ਤੋਂ ਬਾਅਦ, ਬੁਢਾਪਾ ਅਤੇ ਅਖ਼ੀਰ ਮੌਤ ਤੋਂ ਬਾਅਦ ਫ਼ੇਰ ਨਵੀਂ ਜਵਾਨੀ ਸਮੇਂ ਦੇ ਗੇੜ ਵਿਚ ਰੂਹ ਫੂਕ ਦਿੰਦੀ ਹੈ। ਅਜੀਤ ਸਿੰਘ ਸਿੱਕਾ ਦੀ ਕੁਰਸੀ ਉੱਤੇ ਬੈਠਾ ਉਹ ਨੌਜਵਾਨ ਇਸ ਗੱਲੋਂ ਬੇਖ਼ਬਰ ਸੀ ਕਿ ਉਸ ਨੂੰ ਉਨ੍ਹਾਂ ਦੀ ਥਾਂ ਲੈਣ ਲਈ ਹਾਲੇ ਉਸ ਨੂੰ ਬਹੁਤ ਮਿਹਨਤ ਕਰਨੀ ਪਵੇਗੀ।


-ਅੰਮ੍ਰਿਤਬੀਰ ਕੌਰ
amritbir80@gmail.com
1:19 AM | 0 comments

ਪੁਸਤਕ ਸਮੀਖਿਆ: ਇਹ ਸ਼ਬਦਾਂ ਦੇ ਕਾਫ਼ਲੇ-ਡਾਕਟਰ ਸੁਰਜੀਤ ਪਾਤਰ

Written By ਲਫ਼ਜ਼ਾਂ ਦਾ ਸੇਵਾਦਾਰ on Wednesday, January 12, 2011 | 9:17 PM

ਪੁਸਤਕ ਦਾ ਨਾਮ-ਸ਼ਬਦਾ ਦੇ ਕਾਫ਼ਲੇ, ਲੇਖਕ-ਕੁਲਬੀਰ ਸਿੰਘ ਸਿੱਧੂ,
ਸਮੀਖਿਆ-ਡਾਕਟਰ ਸੁਰਜੀਤ ਪਾਤਰ

ਕੁਲਬੀਰ ਸਿੰਘ ਸਿੱਧੂ ਦਾ ਮਨ ਸੋਹਣੇ ਸ਼ਬਦਾਂ, ਸੋਹਣੇ ਖਿਆਲਾਂ, ਸੋਹਣੇ ਸ਼ਿਅਰਾਂ ‘ਤੇ ਸੁਹਣੇ ਸੁਪਨਿਆਂ ਨਾਲ ਜਗਮਗਾਉਂਦਾ ਅਸਮਾਨ ਹੈ। ਉਹ ਸਤਿ ਸੁਹਾਣ ਸਦਾ ਮਨ ਚਾਉ ਦਾ ਵਰੋਸਾਇਆ ਹੋਇਆ ਸ਼ਖਸ ਹੈ।
ਪ੍ਰੋ: ਪੂਰਨ ਸਿੰਘ ਵਾਂਗ ਉਸ ਦੇ ਸੁਪਨਿਆਂ ਵਿਚ ਵੀ ਪੰਜਾਬ ਦੇ ਦਰਿਆ ਖਾੜ-ਖਾੜ ਚੱਲਦੇ ਹਨ:

‘‘ਰਾਵੀ ਸੁਹਣੀ ਪਈ ਵਗਦੀ
ਮੈਨੂੰ ਸਤਲੁਜ ਪਿਆਰਾ ਹੈ
ਮੈਨੂੰ ਬਿਆਸ ਪਈ ਖਿੱਚਦੀ
ਮੈਨੂੰ ਝਨਾਂ ਵਾਜਾਂ ਮਾਰਦੀ
ਮੈਨੂੰ ਜੇਹਲਮ ਪਿਆਰਦਾ
ਅਟਕਾਂ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ
ਖਾੜ ਖਾੜ ਚੱਲਣ ਵਿਚ ਮੇਰੇ ਸੁਫਨਿਆਂ
ਪੰਜਾਬ ਦੇ ਦਰਿਆ
ਪਿਆਰ ਅੱਗ ਇਨਾਂ ਨੂੰ ਲੱਗੀ ਹੋਈ
ਪਿਆਰਾ ਜਪੁ ਸਾਹਿਬ ਗਾਉਂਦੇ ਠੰਢੇ ਤੇ ਠਾਰਦੇ ਪਿਆਰਦੇ।’’

ਸ਼ੇਖ ਫ਼ਰੀਦ ਤੋਂ ਲੈ ਕੇ ਸ਼ਿਵ ਕੁਮਾਰ ਤੱਕ ਅਤੇ ਉਸ ਤੋਂ ਵੀ ਅੱਗੇ ਕੁਲਬੀਰ ਸਿੰਘ ਸਿੱਧੂ ਦੇ ਮਨ ਵਿਚ ਸ਼ਾਇਰੀ ਦੇ ਚਿਰਾਗ ਜਗਦੇ ਹਨ। ਉਸ ਲਈ ਪੰਜਾਬ ਇਕ ਧਰਤ-ਖੰਡ ਤਾਂ ਹੈ ਹੀ, ਉਸ ਤੋਂ ਵੀ ਵੱਧ ਇਹ ਇਕ ਰੌਸ਼ਨ ਇਤਿਹਾਸ, ਇਕ ਖਿਆਲ, ਇਕ ਸੁਪਨਾ, ਇਕ ਸੰਕਲਪ ਹੈ। ਉਸ ਨੂੰ ਲੱਗਦਾ ਹੈ ਕਿ ਇਹ ਖਿਆਲ, ਇਹ
ਸੁਪਨਾ ਇਸ ਵੇਲੇ ਸਾਨੂੰ ਆਪਣੀ ਸਾਕਾਰਤਾ ਲਈ ਪੁਕਾਰਦਾ ਹੈ।

ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਜਿਹੇ ਉ¤ਚੇ ਅਹੁਦਿਆਂ ’ਤੇ ਕੰਮ ਕਰਦਿਆਂ ਕੁਲਬੀਰ ਨੇ ਆਪਣੀ ਜੂਹ ਵਿਚਲੀ ਧਰਤੀ ਦੇ ਭੂਗੋਲ ਤੋਂ ਉਨਾਂ ਦਾ ਇਤਿਹਾਸ ਸੁਣਿਆ, ਨਵੇਂ ਸ਼ੁਭ ਕਰਮਨ ਦਾ ਇਤਿਹਾਸ ਸਿਰਜਿਆ ਤੇ ਉਸ ਧਰਤੀ ਉੱਤੇ ਉਸ ਇਤਿਹਾਸ ਨੂੰ ਰੂਪਮਾਨ ਕੀਤਾ ਅਤੇ ਆਪਣੇ ਸਫ਼ਿਆਂ ’ਤੇ ਅੰਕਿਤ ਕੀਤਾ। ਇਸ ਪੁਸਤਕ ਵਿਚ ਖਰੜ ਬਾਰੇ ਲਿਖਿਆ ਲੇਖ ‘ਖਰੜ ਸਿਰਫ਼ ਖੈੜ ਹੀ ਨਹੀਂ ਹੈ ਦੋਸਤੋ’ ਵੀ ਇਸੇ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੁਲਬੀਰ ਸਿੰਘ ਸਿੱਧੂ ਧਰਤ-ਖੰਡ ਨੂੰ ਸਿਰਫ਼ ਧਰਤ-ਦ੍ਰਿਸ਼ ਵਾਂਗ ਨਹੀਂ ਦੇਖਦਾ, ਉਹ ਉਸ ਦੇ ਕਣ-ਕਣ ਵਿਚੋਂ ਇਤਿਹਾਸ ਦੀਆਂ ਪੈੜਾਂ ਲੱਭ ਲੈਂਦਾ ਹੈ।

ਰੱਤ ਦੀ ਕਹਾਣੀ ਵੀ ਜੇ ਸਿਆਹੀ ਨਾਲ ਨਾ ਲਿਖੀ ਜਾਵੇ ਤਾਂ ਵਕਤ ਉਸ ਨੂੰ ਜੀਰ ਜਾਂਦੇ ਹਨ। ਇਸ ਗੱਲ ਦਾ ਕੁਲਬੀਰ ਸਿੰਘ ਸਿੱਧੂ ਨੂੰ ਤਿੱਖਾ ਅਹਿਸਾਸ ਹੈ। ਇਸ ਦਾ ਸਾਮਰਤੱਖ ਪ੍ਰਮਾਣ ‘ਮਨਾਂ ਨੂੰ ਰਹਾਓ ਦੇਣ ਦੀ ਲੋੜ’ ਵਾਲੇ ਲੇਖ ਵਿਚ ਮਿਲਦਾ ਹੈ। ਉਸ ਨੂੰ ਪ੍ਰੋ: ਪੂਰਨ ਸਿੰਘ ਤੋਂ ‘ਪੰਜਾਬ ਜਿਉਂਦਾ ਹੈ ਗੁਰਾਂ ਦੇ ਨਾਮ ’ਤੇ’ ਵਾਲੀ ਗੁੜਤੀ ਮਿਲੀ ਜਾਪਦੀ ਹੈ। ਉਸ ਦੇ ਇਸ ਪੁਸਤਕ ਵਿਚਲੇ ਲੇਖ ‘300 ਸਾਲ ਗੁਰੂ ਦੇ ਨਾਲ!’ ਅਤੇ ‘ਆਪਣੇ ਮਸੀਹੇ ਭੁੱਲਣ ਵਾਲਿਓ!’, ‘ਗਿਆਨ ਗੋਸ਼ਟੀਆਂ ਦਾ ਕੀ ਫਾਇਦਾ?’, ‘ਸ਼ਹੀਦੀ ਜੋੜ ਮੇਲੇ ਰੰਗ-ਤਮਾਸ਼ੇ ਨਹੀਂ ਹਨ’ ਅਤੇ ‘ਸਰਹਿੰਦ ਫਤਹਿ ਦੀ ਤ੍ਰੈਸ਼ਤਾਬਦੀ ਵੀ ਲੰਘ ਗਈ’ ਮੇਰੇ ਉਪਰੋਕਤ ਵਿਚਾਰ ਦੀ ਪ੍ਰੋੜਤਾ ਕਰਦੇ ਹਨ।

ਕੁਲਬੀਰ ਸਿੰਘ ਸਿੱਧੂ ਦੀਆਂ ਦੋ ਪੁਸਤਕਾਂ ਜੋ ਇਸ ਕਿਤਾਬ ਤੋਂ ਪਹਿਲਾਂ ਮੇਰੀ ਨਜ਼ਰ ਵਿਚੋਂ ਗੁਜ਼ਰੀਆਂ: ‘ਮਾਨਵਤਾ ਦਾ ਪ੍ਰਣਾਮ-ਸਰਬੰਸਦਾਨੀ ਦੇ ਨਾਮ’ ਅਤੇ ‘ਸਰਸਵਤੀ ਤੋਂ ਸਤਲੁਜ ਤੇ ਸਿੰਧ ਤੱਕ’ (ਪੰਜਾਬੀ ਸਭਿਅਤਾ ਦੇ ਤ੍ਰਿਵੈਣੀ ਸਿਹੱਦੇ) ਬਹੁਤ ਰਵਾਨੀ ਭਰੀ ਸ਼ਕਤੀਸ਼ਾਲੀ ਵਾਰਤਕ ਵਿਚ ਲਿਖੀਆਂ ਹੋਈਆਂ ਹਨ। ਸਿਰਫ਼ ਇਹੀ ਨਹੀਂ ਇਨਾਂ ਪੁਸਤਕਾਂ ਵਿਚਲੀ ਸਮੱਗਰੀ ਵੀ ਬਹੁਤ ਸਾਰਥਕ ਹੈ। ਕੁਲਬੀਰ ਹੋਰਾਂ ਆਪਣੇ ਵਿਸ਼ੇ ਨੂੰ ਗਹਿਰਾਈ ਅਤੇ ਵਿਸ਼ਾਲਤਾ ਪੱਖੋਂ ਜੋ ਵਿਸਥਾਰ ਦਿੱਤਾ ਹੈ, ਉਹ ਸਿਰਫ਼ ਖੋਜ ਸਦਕਾ ਹੀ ਸੰਪੰਨ ਨਹੀਂ ਹੋਇਆ। ਇਸ ਵਿਚ ਉਨਾਂ ਦਾ ਆਪਣੇ ਪੁਰਖਿਆਂ, ਆਪਣੀਆਂ ਜੜ੍ਹਾਂ, ਆਪਣੇ ਸ਼ਾਨਾ-ਮੱਤੇ ਵਿਰਸੇ ਪ੍ਰਤੀ ਅੰਤਾਂ ਦਾ ਮੋਹ-ਪਿਆਰ ਤੇ ਅਕੀਦਤ ਸ਼ਾਮਿਲ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਪਣੇ ਗੌਰਵਸ਼ਾਲੀ ਵਿਰਸੇ ਦੇ ਸਨਮੁੱਖ ਆਪਣੇ ਆਪ ਨੂੰ ਜਵਾਬਦੇਹ ਮਹਿਸੂਸ ਕਰਦੇ ਹਨ ਤੇ ਬੜੀ ਸ਼ਿੱਦਤ ਨਾਲ ਉਹ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਂਦੇ ਹਨ ਕਿ :

‘ਦੂਰ ਜੇਕਰ ਅਜੇ ਸਵੇਰਾ ਹੈ
ਇਸ ’ਚ ਕਾਫੀ ਕਸੂਰ ਮੇਰਾ ਹੈ।’

ਇਸ ਤੋਂ ਇਲਾਵਾ ਉਨਾਂ ਦੀਆਂ ਦੋ ਹੋਰ ਪੁਸਤਕਾਂ ਵੀ ਮੇਰੇ ਧਿਆਨ ਵਿਚ ਹਨ। ਪਹਿਲੀ ‘ਚਾਨਣ ਦਾ ਬਾਗ਼’ ਜੋ ਕਿ ਜ਼ਿਲਾ ਫਿਰੋਜ਼ਪੁਰ ਤੇ ਬਠਿੰਡੇ ਦੇ ਹੋਏ ਨਾਮੀ ਕਿੱਸੇਕਾਰਾਂ ਤੇ ਉਨਾਂ ਦੀਆਂ ਰਚਨਾਵਾਂ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਸੀ।

ਦੂਜੀ ਪੁਸਤਕ ‘ਸ਼ਹੀਦੀ ਦੀਆਂ ਸਰਹੱਦਾਂ ਤੋਂ ਵੀ ਅੱਗੇ ਨਿਭੀ ਜਿਗਰੀ ਯਾਰਾਂ ਦੀ ਯਾਰੀ’ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਬਾਰੇ ਨਾਯਾਬ ਜਾਣਕਾਰੀ ਦਿੰਦੀ ਹੈ। ਕੁਲਬੀਰ ਮੈਨੂੰ ਦੱਸਦਾ ਹੈ ਕਿ ਉਹ ਹੁਣ ਵੀ ਇਸ ‘ਸ਼ਬਦਾਂ ਦੇ ਕਾਫ਼ਲੇ’ ਤੋਂ ਇਲਾਵਾ ਪੰਜਾਬ ਦੇ ਸਭਿਆਚਾਰਕ ਵਿਰਸੇ ਸਬੰਧੀ ‘ਵਿਰਸਾ ਤੇ ਵਿਸਮਾਦ’ ਅਤੇ ਖਾਸ ਤੌਰ ’ਤੇ ਸਿੱਖ ਅਰਦਾਸ ਵਿਚ ਆਏ ਅਕਹਿ ਅਤੇ ਅਸਹਿ ਕਸ਼ਟ ਸਹਾਰਦੇ ਹੋਏ ਸਿੰਘਾਂ ਤੇ ਸਿੰਘਣੀਆਂ ਦੀਆਂ ਜੀਵਨੀਆਂ ਤੇ ਕੁਰਬਾਨੀਆਂ ਬਾਰੇ ‘ਸ਼ਹੀਦਾਂ ਦੀ ਵਿਰਾਸਤ’ ਮੁਕੰਮਲ ਕਰਨ ਦੇ ਮੁਕਾਮ ਉਤੇ ਪਹੁੰਚਿਆ ਹੋਇਆ ਹੈ। ਅਕਾਲ ਪੁਰਖ ਮਿਹਰ ਕਰੇ ਕਿ ਉਹ ਇਸ ਕੰਮ ਨੂੰ ਨਿਰਵਿਘਨ ਸੰਪੰਨ ਕਰਕੇ ਆਪਣੇ ਲੋਕਾਂ ਦੀ ਝੋਲੀ ਪਾ ਸਕੇ।

ਹਥਲੀ ਪੁਸਤਕ ‘ਸ਼ਬਦਾਂ ਦੇ ਕਾਫ਼ਲੇ’ ਵਿਚ ਪੰਜਾਬੀ ਸਭਿਆਚਾਰ, ਸਿੱਖ ਧਰਮ, ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬ ਦਾ ਇਤਿਹਾਸ, ਪੰਜਾਬੀ ਆਚਰਣ, ਪੰਜਾਬੀ ਸਿੱਖਿਆ, ਪੰਜਾਬ ਦੀ ਜਵਾਨੀ, ਪੰਜਾਬ ਦੀ ਦਾਨਸ਼ਵਰੀ, ਪੰਜਾਬੀ ਨਾਰੀ, ਪੰਜਾਬ ਦੀ ਰਾਜਨੀਤੀ ਆਦਿ ਵਿਸ਼ਿਆਂ ਨੂੰ ਛੂੰਹਦੀਆਂ 36 ਵੰਨ-ਸੁਵੰਨੀਆਂ ਰਚਨਾਵਾਂ ਸ਼ਾਮਿਲ ਹਨ।

ਕੁਲਬੀਰ ਸਿੰਘ ਸਿੱਧੂ ਯਥਾਰਥਵਾਦੀ ਤੇ ਸਪਸ਼ਟਵਾਦੀ ਹੈ। ਉਹ ਮੰਨਦਾ ਹੈ ਕਿ ਸਮਾਜ ਤੇ ਸਭਿਆਚਾਰ ਹਮੇਸ਼ਾਂ ਗਤੀਸ਼ੀਲ ਹਨ। ਸਮੇਂ ਨਾਲ ਇਹ ਬਦਲਦੇ ਆਏ ਹਨ ਤੇ ਬਦਲਦੇ ਰਹਿਣੇ ਹਨ, ਪਰ ਉਸ ਦਾ ਫਿਕਰ-ਝੋਰਾ ਇਹ ਹੈ ਕਿ ਆਪਣੇ ਨੇਕ ਵਡੇਰਿਆਂ ਦੇ ਸਮੇਂ ਦੇ ਸਭਿਆਚਾਰ ਦੀਆਂ ਸਮਾਜਿਕ ਤੇ ਸਦਾਚਾਰਕ ਉ¤ਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਸਮੇਂ ਦੀਆਂ ਤਬਦੀਲੀਆਂ ਤੇ ਸਾਡੀਆਂ ਪ੍ਰਗਤੀਵਾਦੀ ਉ¤ਚੀਆਂ ਉਡਾਰੀਆਂ ਨਾਲ ਬਦਲਣੀਆਂ ਨਹੀਂ ਚਾਹੀਦੀਆਂ। ਸਗੋਂ ਇਸ ਤੋਂ ਵੀ ਵੱਧ ਸਾਡੀਆਂ ਧਾਰਮਿਕ ਤੇ ਪੁਰਾਣੀਆਂ ਨੈਤਿਕ ਕਦਰਾਂ-ਕੀਮਤਾਂ ਸਾਡੀ ਜੀਵਨ ਸ਼ੈਲੀ ਦਾ ਅਟੁੱਟ ਅੰਗ ਰਹਿਣੀਆਂ ਚਾਹੀਦੀਆਂ ਹਨ। ਇਸ ਲਈ ਤਾਂ ਉਹ ਕਹਿੰਦਾ ਹੈ ਕਿ ਭਾਵੇਂ ਸੱਤ ਅਕਾਸ਼ਾਂ ਦੇ ਉਡਾਰੂ ਬਣੀਏ ਤੇ ਭਾਵੇਂ ਸੱਤ ਸਮੁੰਦਰਾਂ ਦੇ ਤਾਰੂ ਬਣੀਏ, ਪਰ ਰੱਬਾ! ਅਸੀਂ ਕਦੇ ਆਪਣੇ ਸੋਹਣੇ ਪੰਜਾਬ ਦੀ ਮਿੱਟੀ ਦਾ ਮੋਹ ਨਾ ਛੱਡੀਏ। ਇਸ ਦਾ ਸਪਸ਼ਟ ਪ੍ਰਗਟਾਵਾ ‘ਖਿਆਲਾਂ ਦਾ ਚਿੜਚੋਲਾ’, ‘ਪੰਜਾਬੀ ਜੀਵਨ ਸ਼ੈਲੀ ਤੇ ਸਭਿਆਚਾਰ’ ਅਤੇ ‘ਇੰਗਲੈਂਡ ਵਿਚ ਮੋਟਰ-ਵੇਅ ’ਤੇ ਭੱਜੀ ਫਿਰਦੀ ਜ਼ਿੰਦਗੀ’ ਵਾਲੇ ਲੇਖਾਂ ਵਿਚ ਮਿਲਦਾ ਹੈ।

ਇਸ ਪੁਸਤਕ ਵਿਚ ਕੁਲਬੀਰ ਹੋਰਾਂ ਨੇ ਆਪਣੇ ਮਾਤਾ ਜੀ, ਪਿਤਾ ਜੀ ਤੇ ਦਾਦਾ ਜੀ ਨੂੰ ਵੀ ਬੜੀ ਸ਼ਿੱਦਤ ਨਾਲ ਕ੍ਰਮਵਾਰ ‘ਮੇਰੀ ਮਾਂ ਸੀ ਠੰਢੀ ਛਾਂ’, ਪਾਪਾ ਜੀ ਦੇ ਸ਼ਰਧਾਂਜਲੀ ਸਮਾਰੋਹ ਸਮੇਂ ‘ਆਦਰਸ਼ ਕਰਮਯੋਗੀ ਪਿਤਾ ਨੂੰ ਅਲਵਿਦਾ’ ਅਤੇ ‘ਖੂੰਡੇ ਵਾਲੇ ਬਾਬਾ ਜੀ ਸ੍ਰ: ਜਗਤ ਸਿੰਘ’ ਨੂੰ ਬੜੇ ਹੀ ਵਿਰਾਗ ਤੇ ਸੁਹਜਮਈ ਅੰਦਾਜ਼ ਵਿਚ ਯਾਦ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੇ ਦੋਸਤ ਡਾਕਟਰ ਸ਼ਵਿੰਦਰ ਸਿੰਘ ਸੰਧੂ ਤੇ ਉਸ ਦੀ ਧਰਮ ਪਤਨੀ ਬੀਬੀ ਮਨਵੀਨ ਕੌਰ ਸੰਧੂ ਦੀ ਬੇਵਕਤੀ ਮੌਤ ਨੂੰ ਬਹੁਤ ਹੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਉਸ ਨੇ ਪ੍ਰੋਫੈਸਰ ਕਰਮ ਸਿੰਘ ਤੇ ਪ੍ਰੋਫੈਸਰ ਮਹਿੰਦਰ ਸਿੰਘ ਚੀਮਾ ਜਿਹੇ ਦੋਸਤਾਂ ਨੂੰ ਪੰਜਾਬੀ ਵਿਰਾਸਤ ਦੇ ਅਲੰਬਰਦਾਰ ਅਤੇ ਸ਼ਬਦਾਂ ਦੇ ਜੋਗੀ ਪੀਰ ਕਹਿ ਕੇ ਯਾਦ ਕੀਤਾ ਹੈ।

‘ਸਾਡੀ ਸਿੱਖਿਆ ਪ੍ਰਣਾਲੀ ਦੇ ਕੁਝ ਕੁ ਚਮਤਕਾਰੇ’ ਅਤੇ ‘ਮਹਾਂਭਾਰਤ ਦੇ ਵੀਰ ਅਭਿਮਨਯੂੰ ਤੁੱਲ ਅੱਜ ਦਾ ਵਿਦਿਆਰਥੀ’ ਵਾਲੇ ਲੇਖ ਸਾਡੇ ਵਿਦਿਅਕ ਢਾਂਚੇ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਅਜੋਕੀ ਸਥਿਤੀ ਬਾਰੇ ਉਸ ਦੀ ਡੂੰਘੀ ਚਿੰਤਾ ਦਾ ਸਾਨੂੰ ਅਹਿਸਾਸ ਕਰਵਾਉਂਦੇ ਹਨ। ਉਹ ਵਿਦਿਆ-ਮੰਦਿਰਾਂ ਰੂਪੀ ਸਕੂਲਾਂ ਤੇ ਕਾਲਜਾਂ ਵਿਚ ਮਿਆਰੀ ਤੇ ਸਦਾਚਾਰੀ ਸਿੱਖਿਆ ਦੀ ਘਾਟ ਬਾਰੇ ਚਿੰਤਤ ਹੈ, ਕਿਉਂਕਿ ਉਹ ਖ਼ੁਦ ਗੁਰੂਕੁਲ ਸਿੱਖਿਆ ਪ੍ਰਣਾਲੀ ਤੇ ਗੁਰੂ ਸ਼ਿਸ਼ ਪ੍ਰੰਪਰਾ ਦਾ ਧਾਰਨੀ ਹੈ। ਇਹ ਲੇਖ ਕੁਲਬੀਰ ਸਿੰਘ ਦੀ ਆਦਰਸ਼ ਅਧਿਆਪਕਾਂ ਤੇ ਵਿਦਿਆਰਥੀਆਂ ਸਬੰਧੀ ਸ਼ਿੱਦਤ ਭਰੀ ਸੋਚ ਤੇ ਉਸ ਦੇ ਸੰਕਲਪ ਦਾ ਲਖਾਇਕ ਹਨ।

ਇਸ ਤਰ੍ਹਾਂ ਹੀ ‘ਅਜ਼ਾਦ ਕੌਣ ਹੈ ਕਾਂ, ਕੁੱਤਾ ਜਾਂ ਆਦਮੀ’ ਰਾਜਸੀ ਲੀਕਾਂ ਅਤੇ ਇਨਸਾਨ ਦੀਆਂ ਆਪੇ ਆਪਣੇ ਪੈਰੀਂ ਪਾਈਆਂ ਬੇੜੀਆਂ ਤੇ ਦਿਲਚਸਪ ਵਿਅੰਗ ਹਨ। ਇਸ ਦਾ ਕਾਰਨ ਇਹ ਹੈ ਕਿ ਬੇਸ਼ੱਕ ਸੰਨ 1947 ਵਿਚ ਦੇਸ਼ ਦੀ ਅਣਹੋਈ ਵੰਡ ਹੋਈ, ਪਰ ਕੁਲਬੀਰ ਇਹ ਮਾਨਸਿਕ ਤੌਰ ’ਤੇ ਮੰਨਦਾ ਹੀ ਨਹੀਂ ਕਿ ਪੰਜਾਬ ਤੇ ਪੰਜਾਬੀਅਤ ਨੂੰ ਕਦੇ ਵੰਡਿਆ ਜਾ ਸਕਦਾ ਹੈ। ਉਸ ਦੀ ਸ਼ਿੱਦਤ ਭਰੀ ਸੰਵੇਦਨਾ ਹਿੰਦ-ਪਾਕਿ ਦੇ ਕਰੋੜਾਂ ਪੂਰਬੀ ਤੇ ਪੱਛਮੀ ਪੰਜਾਬ ਦੇ ਪੰਜਾਬੀਆਂ ਦੀਆਂ ਧੁਰ ਆਤਮਾ ਤੋਂ ਭਾਵਨਾਵਾਂ ਤੇ ਦਿਲੀ ਸਾਂਝਾਂ ਦੀ ਤਰਜਮਾਨੀ ਕਰਦੀ ਹੈ। ਉਸ ਦਾ ਇਸ ਪੁਸਤਕ ਵਿਚਲਾ ਲੇਖ ‘ਬਾਬਾ ਨਾਨਕ ਤੇ ਫ਼ਰੀਦ ਨੂੰ ਕਿਵੇਂ ਵੰਡਾਂਗੇ?’ ਉਸ ਦੀ ਸੋਚਣੀ ਕੁਦਰਤ ਦੇ ਅਟਲਾਧੇ ਨਿਯਮ ਨਾਲ ਸਰੋਬਾਰ ਹੈ ਕਿ ਪਾਣੀ ਵਿਚ ਕਦੇ ਲਕੀਰ ਖਿੱਚੀ ਹੀ ਨਹੀਂ ਜਾ ਸਕਦੀ। ਇਸ ਲਈ ‘ਫੇਰ ਮੇਲ ਕਰਾ ਦੇ ਰੱਬਾ ਦਿੱਲੀ ਤੇ ਲਾਹੌਰ ਦਾ’ ਵਰਗੇ  ਵਿਸ਼ਵਾਸ ਤੇ ਅਕੀਦਤਮੰਦੀ ਨਾਲ ਉਹ ਦੁਆ ਕਰਦਾ ਹੈ। ਉਸ ਦਾ ਲੇਖ ‘ਸਲਾਮ ਤੋਂ ਸਿਜਦੇ ਤੱਕ’ ਬੇਸ਼ੱਕ ਉਸ ਦੀ ਨੌਕਰੀ ਦੀ ਸ਼ੁਰੂਆਤ ਤੋਂ ਅਖੀਰ ਤਕ ਪੀਰਾਂ-ਫ਼ਕੀਰਾਂ ਪ੍ਰਤੀ ਸ਼ਰਧਾ ਸਬੰਧੀ ਹੈ, ਪਰ ਕੁਲ ਮਿਲਾ ਕੇ ਬਾਬਾ ਫ਼ਰੀਦ ਜੀ ਵਾਸਤੇ ਉਸ ਦੀ ਡੂੰਘੀ ਸ਼ਰਧਾ ਇਸ ਲੇਖ ਦਾ ਕੇਂਦਰ ਬਿੰਦੂ ਬਣਦੀ ਹੈ।

ਕੁਲਬੀਰ ਦੀ ਸੰਜੀਦਗੀ ਵਿਚ ਮਲਵਈ ਮਸਖਰਾਪਣ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਕਿਰਸਾਣੀ ਤੋਂ ਉਭਰਿਆ ਇਹ ਆਪਣੀ ਧਰਤੀ ਨਾਲ ਜੁੜਿਆ ਅਫ਼ਸਰ ਪੁੱਤ ਥਾਂ-ਥਾਂ ’ਤੇ ਮਿੱਠੀ ਮਸ਼ਕਰੀ ਕਰਦਾ ਹੈ। ਖਾਸ ਤੌਰ ’ਤੇ ‘ਕੁੱਝ ਹੱਸ ਵੇ ਮਨਾਂ ਕੁੱਝ ਖੇਡ ਵੇ ਮਨਾਂ’ ਵਾਲੇ ਲੇਖ ਵਿਚ ਤਾਂ ਉਹ ਸਾਰੇ ਪੰਜਾਬ ਤੇ ਪੰਜਾਬੀਆਂ ਨੂੰ ਹੀ ਹਾਸੇ ਦੀ ਟਕਸਾਲ ਬਣਾ ਦਿੰਦਾ ਹੈ। ਇਸ ਲੇਖ ਵਿਚ ਨਿਹੰਗਾਂ ਦੀ ਚੜ੍ਹਦੀਕਲਾ ਵਾਲੀ ਜੀਵਨ ਜਾਚ ਵੰਨਗੀ ਮਾਤਰ ਵਿਸ਼ੇਸ਼ ਤੌਰ ’ਤੇ ਦਿੱਤੀ ਗਈ ਹੈ। ਉਸ ਦੀ ਨਿਹੰਗਾਂ ਦੇ ਜੀਵਨ ਬਾਰੇ ਜਾਣਕਾਰੀ ਦੀ ਸ਼ੁਰੂਆਤ ਨਿਹੰਗ ਸਿੰਘਾਂ ਦੇ ਤਰਨਾ ਦਲ ਦੇ ਹੈ¤ਡਕੁਆਟਰ ਬਾਬਾ ਬਕਾਲਾ ਸਬ ਡਿਵੀਜ਼ਨ ਤੋਂ ਹੋਈ ਅਤੇ ਬੁੱਢਾ ਦਲ ਦੇ ਹੈ¤ਡਕੁਆਟਰ ਤਲਵੰਡੀ ਸਾਬੋ ਵਿਖੇ ਉਸ ਦੀ ਬਤੌਰ ਐ¤ਸਡੀ ਦੀ ਨਿਯੁਕਤੀ ਸਮੇਂ ਹੋਈ। ਇਸ ਲਈ ਹੀ ਉਸ ਨੂੰ ਸੁਭਾਵਿਕ ਤੌਰ ’ਤੇ ਆਮ ਲੋਕ ਤੇ ਉਸ ਦੇ ਸਾਥੀ ਨਿਹੰਗ ਸਿੰਘ ਜਾਂ ਜਥੇਦਾਰ ਦਾ ਨਾਮ ਵੀ ਅਕਸਰ ਦਿੰਦੇ ਰਹੇ ਹਨ।

ਫਿਰ ‘ਪੰਜਾਬੀ ਦੀ ਦੁਰਦਸ਼ਾ’, ‘ਡਰਦੀ ਹਰਿ ਹਰਿ ਕਰਦੀ’, ‘ਜਿਤੁ ਜੰਮਹਿ ਰਾਜਾਨ’, ‘ਕੌਮੀ ਆਚਰਣ ਇਕ ਟੇਢੀ ਖੀਰ’, ‘ਜਿਨ੍ਹੇ ਨਾਜ਼ ਹੈ ਹਿੰਦ ਪਰ’ ਅਤੇ ‘ਸ਼ਹੀਦੀ ਜੋੜ ਮੇਲੇ ਰੰਗ-ਤਮਾਸ਼ੇ ਨਹੀਂ ਹਨ’ ਵਾਲੇ ਸਾਰੇ ਲੇਖ ਮੌਜੂਦਾ ਹਾਲਾਤਾਂ ਸਬੰਧੀ ਉਸ ਦੀ ਸੰਜੀਦਗੀ ਤੇ ਗੰਭੀਰਤਾ ਦੇ ਬਹੁਤ ਵਧੀਆ ਸੁਮੇਲ ਵਾਲੀ ਉਸ ਦੀ ਵਿਅੰਗਕਾਰੀ ਨਾਲ ਭਰਪੂਰ ਹਨ। ਉਹ ਗੰਭੀਰ ਤੋਂ ਗੰਭੀਰ ਗੱਲ ਬੜੀ ਸਾਦਗੀ ਤੇ ਵਿਦਵਤਾ ਨਾਲ ਮਜ਼ਾਹੀਆ ਟੋਟਕਿਆਂ ਰਾਹੀਂ ਕਹਿਣ ਦਾ ਹੁਨਰ ਰੱਖਦਾ ਹੈ।

ਮੈਂ ਉਸ ਨੂੰ ਉਸ ਦੇ ਪ੍ਰਸ਼ਾਸਨਿਕ ਸਮੇਂ ਤੋਂ ਜਾਣਦਾ ਹਾਂ। ਜਦੋਂ ਕਿ ਉਹ ਆਪਣੀ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਕਰਕੇ ਜਾਣਿਆ ਜਾਂਦਾ ਸੀ। ਇਸ ਲਈ ਹੀ ਉਸ ਨੂੰ 1999 ਤੋਂ ਬਾਅਦ ਮਨਾਈਆਂ ਜਾਣ ਵਾਲੀਆਂ ਸਭ ਸ਼ਤਾਬਦੀਆਂ ਦਾ ਸੂਤਰਧਾਰ ਬਣਾਇਆ ਗਿਆ। ਪਰ ਉਹ ਇਨਾਂ ਸ਼ਤਾਬਦੀਆਂ ਦੇ ਪਿੱਛੇ ਜਾਂ ਸਰਕਾਰੀ ਨੌਕਰੀ ਦੇ ਰੌਲਿਆਂ-ਗੌਲਿਆਂ ਪਿੱਛੇ ਜੋ ਬੇਅੰਤ ਮਾਨਸਿਕ ਬੋਝ ਹੁੰਦਾ ਸੀ; ਉਸ ਨੂੰ ਮਲਵਈ ਅੰਦਾਜ਼ ਵਿਚ ਆਪਣੇ ਹੀ ਟੋਟਕਿਆਂ ਵਿਚ ਬਦਲ ਕੇ ਆਪ ਵੀ ਆਪਣਾ ਮਨ ਹੌਲਾ ਕਰ ਲੈਂਦਾ ਸੀ ਤੇ ਉਸ ਦੇ ਨਾਲ ਆਪਣੇ ਅਫ਼ਸਰਾਂ ਤੇ ਕਰਮਚਾਰੀਆਂ ਦੀ ਟੀਮ ਨਾਲ ਵੀ ਲੋੜ ਅਨੁਸਾਰ ਸ਼ੁਗਲ-ਮੁਗਲ ਕਰ ਲੈਂਦਾ ਸੀ। ਇਹ ਸਭ ਕੁਝ ਉਸ ਦੇ ਵਿਅਕਤੀਤਵ ਤੇ ਉਸ ਦੀ ਲੇਖਣੀ ਦਾ ਹੁਣ ਹਿੱਸਾ ਬਣ ਚੁੱਕਿਆ ਹੈ। ਉਸ ਦੇ ਦੋਸਤਾਂ ਨੇ ਉਸ ਨੂੰ ਅਕਸਰ ਕਹਿੰਦੇ ਸੁਣਿਆ ਸੀ ਕਿ ਜਦੋਂ ਮੇਰੇ ਉਤੇ ਕੋਈ ਮਾਨਸਿਕ ਦਬਾਅ ਬਣਦਾ ਹੈ ਤਾਂ ਗੁਰੂ ਕ੍ਰਿਪਾ ਨਾਲ ਮੈਨੂੰ ਕੋਈ ਨਾ ਕੋਈ ਅਜਿਹਾ ਟੋਟਕਾ ਜਾਂ ਫੁਰਨਾ ਫੁਰਦਾ ਹੈ, ਜੋ ਕਿ ਉਸ ਮਾਨਸਿਕ ਪ੍ਰੇਸ਼ਾਨੀ ਦਾ ਤੋੜ ਤੇ ਹੱਲ ਬਣ ਜਾਂਦਾ ਹੈ।

ਉਸ ਦੀ ਵਿਅੰਗਾਤਮਿਕ ਸ਼ੈਲੀ ਉਸ ਦੀ ‘ਸ਼ੁਭ ਕਰਮਨ’ ਦੀ ਦਿਲੀ ਖ਼ਾਹਿਸ਼ ਪ੍ਰਗਟਾਉਂਦੀ ਹੈ। ਕੁਲਬੀਰ ਦਾ ਵਿਅੰਗ ਇੰਨਾ ਸਿਹਤਮੰਦ ਹੈ ਕਿ ਆਪਣੇ ਆਪ ਨੂੰ ਤੇ ਆਪਣੇ ਵਰਗੇ ਹੋਰ ਸਰਕਾਰੀ ਅਹੁਦੇਦਾਰਾਂ ਨੂੰ ਵੀ ‘ਜਨਾਬੀ ਨੇ ਗਾਲਿਬ ਨਿਕੰਮਾ ਕਰ ਦੀਆ’ ਅਤੇ ‘ਦਫ਼ਤਰੀ ਸਭਿਆਚਾਰ ਦੇ ਰੰਗ-ਤਮਾਸ਼ੇ’ ਵਿਚ ਨਹੀਂ ਬਖਸ਼ਦਾ। ਸਪਸ਼ਟ ਹੈ ਕਿ ਉਹ ਆਪਣੇ ਆਪ ਉਤੇ ਵੀ ਹੱਸਣਾ ਜਾਣਦਾ ਹੈ ਤੇ ਦੂਜਿਆਂ ਨੂੰ ਹਸਾਉਣਾ ਵੀ ਜਾਣਦਾ ਹੈ। ਪਰ ਉਸ ਦੇ ਮਨ ਵਿਚ ਕਿਸੇ ਲਈ ਵਿਰੋਧ ਭਾਵ ਨਹੀਂ ਹੈ, ਸਗੋਂ ਆਪਣੇ ਲੋਕਾਂ ਲਈ ਪਿਆਰ ਹੀ ਪਿਆਰ ਹੈ।

‘ਸ਼ਬਦਾਂ ਦੇ ਕਾਫ਼ਲੇ’ ਵਿਚ ਪੰਜਾਬੀ ਸਭਿਆਚਾਰ ਦੇ ਅਤੀਤ ਅਤੇ ਭਵਿੱਖ ਦੇ ਭਰਪੂਰ ਝਲਕਾਰੇ ਮੌਜੂਦ ਹਨ। ਪਰ ਇਸ ਦਾ ਬਹੁਤਾ ਸਰੋਕਾਰ ਵਰਤਮਾਨ ਨਾਲ ਹੈ। ਵਰਤਮਾਨ ਦੀ ਹਰ ਘਟਨਾ, ਖ਼ਬਰ, ਦ੍ਰਿਸ਼ ਲੇਖਕ ਦੇ ਮਨ ਵਿਚ ਕਿੰਨਾ ਕੁੱਝ ਉਜਾਲਾ ਕਰ ਜਾਂਦਾ ਹੈ। ਇਹ ਤੱਥ ਗਵਾਹ ਹੈ ਕਿ ਕੁਲਬੀਰ ਸਿੰਘ ਸਿੱਧੂ ਦਾ ਮਨ ਸਿਰਫ਼ ਸੰਵੇਦਨਸ਼ੀਲ ਹੀ ਨਹੀਂ ਬਹੁਤ ਕਲਪਨਾਸ਼ੀਲ ਅਤੇ ਸਿਰਜਣਾਤਮਕ ਵੀ ਹੈ। ਉਸ ਦੀ ਨਜ਼ਰ ਹਰ ਘਟਨਾ ਦੀਆਂ ਜੜ੍ਹਾਂ ਤੱਕ ਹੀ ਨਹੀਂ ਉਸ ਦੇ ਫਲਾਂ ਤੱਕ ਵੀ ਜਾਂਦੀ ਹੈ। ਉਹ ਹਰ ਪਲ ਨੂੰ ਅਨੇਕ ਬੀਤੇ ਅਤੇ ਆਉਣ ਵਾਲੇ ਪਲਾਂ ਵਿਚ ਪਰੋ ਕੇ ਦੇਖਦਾ ਹੈ।

ਅਸਲ ਵਿਚ ਕੁਲਬੀਰ ਸਿੰਘ ਹਰ ਪਲ-ਹਰ ਛਿਣ ਇਤਿਹਾਸ ਜਿਉਂਦਾ ਹੈ। ਇਸ ਲਈ ਇਸ ਪੁਸਤਕ ਵਿਚ ਉਹ ਅਨੇਕ ਵਿਅਕਤੀਆਂ, ਮੰਜ਼ਰਾਂ, ਝਾਕੀਆਂ, ਮਾਨਸਿਕ ਅਵਸਥਾਵਾਂ ’ਚੋਂ ਲੰਘਦਾ ਹੋਇਆ ਆਪਣੀ ਇਸ ਪੁਸਤਕ ਦਾ ਅੰਤ ਇਤਿਹਾਸਕ ਪਿਛੋਕੜ ਵਾਲੇ ਲੇਖਾਂ ਨਾਲ ਕਰਦਾ ਹੈ। ਇਸ ਪ੍ਰਸੰਗ ਵਿਚ ਆਪਣੇ ਮਸੀਹੇ ਭੁੱਲਣ ਵਾਲਿਓ, ਗਿਆਨ ਗੋਸ਼ਟੀਆਂ ਦਾ ਕੀ ਫਾਇਦਾ, ਸ਼ਹੀਦੀ ਜੋੜ ਮੇਲੇ ਰੰਗ-ਤਮਾਸ਼ੇ ਨਹੀਂ ਹਨ, ਸਰਹਿੰਦ ਫਤਹਿ ਦੀ ਤ੍ਰੈਸ਼ਤਾਬਦੀ ਵੀ ਲੰਘ ਗਈ, ਉਸ ਦੇ ਇਕ ਤੋਂ ਵੱਧ ਇਕ ਲੇਖ ਕੌਮ ਦੇ ਸ਼ਹੀਦਾਂ ਪ੍ਰਤੀ ਡੂੰਘੀ ਸੰਵੇਦਨਾ ਤੇ ਜਾਗਰੂਕਤਾ ਦੇ ਲਖਾਇਕ ਹਨ। ਉਹ ਆਪਣੀ ਪੁਸਤਕ ਨੂੰ ਭਾਵਨਾ ਭਰਪੂਰ ਕੌਮੀ ਸ਼ਰਧਾਂਜਲੀ ਵਜੋਂ ਲਿਖੇ ‘ਪ੍ਰਣਾਮ ਸ਼ਹੀਦਾਂ ਨੂੰ’ ਵਾਲੇ ਲੇਖ ਨਾਲ ਸੰਪੰਨ ਕਰਦਾ ਹੈ।

ਕੁਲਬੀਰ ਸਿੰਘ ਸਿੱਧੂ ਹਰ ਛਿਣ ਆਪਣੇ-ਆਪ ਨੂੰ ਤੇ ਆਪਣੇ ਆਪ ਜਿਹਿਆਂ ਨੂੰ ਆਪਣੀ ਇਤਿਹਾਸਕ ਜ਼ਿੰਮੇਵਾਰੀ ਦੇ ਰੂ-ਬ-ਰੂ ਕਰਦਾ ਹੈ। ਉਹ ਕਿਸੇ ਪਲ ਗਾਫ਼ਲ ਨਹੀਂ ਹੋਣਾ ਚਾਹੁੰਦਾ। ਉਹ ਇਸ ਸੂਫੀ ਵਾਕ ਦਾ ਵਿੰਨ੍ਹਿਆ ਹੋਇਆ ਹੈ : ‘ਜੋ ਦਮ ਗਾਫ਼ਲ, ਸੋ ਦਮ ਕਾਫ਼ਰ।’ ਉਹ ਹਰ ਘੜੀ ਯਾਦ ਰੱਖਦਾ ਤੇ ਸਾਨੂੰ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਅਸੀਂ ਜਿਸ ਮਹਾਨ ਇਤਿਹਾਸ ਦੇ ਵਾਰਸ ਹਾਂ, ਸਾਡਾ ਕਿਰਦਾਰ ਉਸ ਨਾਲ ਬਰ ਮੇਚਣ ਦੇ ਯੋਗ ਕਿਉਂ ਨਹੀਂ?

‘ਸ਼ਬਦਾਂ ਦੇ ਕਾਫ਼ਲੇ’ ਕਈ ਪੱਖਾਂ ਤੋਂ ਇਕ ਭਰਪੂਰ ਪੁਸਤਕ ਹੈ। ਇਹ ਇਕ ਹੱਸਾਸ ਦਾਨਸ਼ਵਰ ਦੇ ਮਨ ਵਿਚ ਸਮੇਂ-ਸਮੇਂ ਉ¤ਠੀਆਂ ਤਰੰਗਾਂ ਦੀ ਸ਼ਬਦੀ ਤਸਵੀਰ ਹੈ। ਇਹ ਸੋਚਾਂ ਦਾ ਚੰਬਾ ਹੈ, ਅਹਿਸਾਸਾਂ ਦਾ ਝੁਰਮਟ ਹੈ ਤੇ ਦਿਲ ਵਿਚ ਉ¤ਠਦੀਆਂ ਛੱਲਾਂ ਦਾ ਅਨੁਵਾਦ ਹੈ। ਇਸ ਵਿਚ ਆਪਣੇ ਪੁਰਖਿਆਂ, ਆਪਣੇ ਸਮਕਾਲੀਆਂ ਅਤੇ ਆਪਣੇ ਵਾਰਸਾਂ ਨਾਲ ਇਕ ਸੂਖਮ ਗੁਫ਼ਤਗੂ ਹੈ। ਇਸ ਵਿਚ ਇਤਿਹਾਸ ਦੇ ਸਨਮੁੱਖ ਕੀਤਾ ਗਿਆ ਆਤਮ-ਚਿੰਤਨ ਹੈ।

ਇਹ ‘ਸ਼ਬਦਾਂ ਦੇ ਕਾਫ਼ਲੇ’ ਦਰਅਸਲ ਉਨ੍ਹਾਂ ਦਰਿਆਵਾਂ ਜਿਹੇ ਹਨ; ਜਿਹੜੇ ਪੂਰਨ ਸਿੰਘ ਦੇ ਸੁਫਨਿਆਂ ਵਿਚ ਖਾੜ-ਖਾੜ ਵੱਜਦੇ ਹਨ। ਇਹ ਸਦਾ ਜਾਗਦੇ ਹਨ, ਹਰ ਪਲ ਸਫ਼ਰ ਵਿਚ ਹਨ, ਇਨ੍ਹਾਂ ਦੇ ਸੀਨੇ ਪਈ ਖਿੱਚ ਕਦਮ-ਕਦਮ ਇਨ੍ਹਾਂ ਨੂੰ ਵਸਲ ਵੱਲ ਲਈ ਜਾਂਦੀ ਹੈ। ਇਹੀ ਤਾਂ ਜੀਵਨ ਆਦਰਸ਼ ਹੈ। ਪੂਰਨ ਸਿੰਘ ਹੋਰਾਂ ਦੇ ਹੀ ਲਫਜ਼ਾਂ ਵਿਚ :

‘ਦਰਿਆ ਹੋ ਰਹਿਣਾ
ਦਰਿਆ ਹੋ ਜੀਣਾ
ਇਹੀ ਸਾਡੇ ਸਤਿਗੁਰਾਂ ਦਾ ਸਾਨੂੰ ਆਦੇਸ਼ ਹੈ।’
9:17 PM | 0 comments
ਜੇ ਤੁਹਾਡੇ ਆਲੇ ਦੁਆਲੇ ਵੀ ਪੰਜਾਬੀ ਸਾਹਿੱਤ, ਸਭਿੱਆਚਾਰ, ਬੋਲੀ ਬਾਰੇ ਕੁਝ ਚਰਚਾਯੋਗ ਹੋ ਰਿਹਾ ਹੈ, ਤਾਂ ਉਸ ਦੀ ਜਾਣਕਾਰੀ ਸੱਥ ਨਾਲ ਸਾਂਝੀ ਕਰੋ। ਖਬਰਾਂ, ਸਮੀਖਿਆ, ਲੇਖ ਤੇ ਵਿਚਾਰ ਭੇਜੋ, write@lafzandapul.com

ਪਾਠਕ

ਆਪਣੀ ਪਸੰਦ ਚੁਣੋ

Blog Archives

ਪੰਜਾਬੀ ਬਲੌਗ